ਖੇਤਾਂ ‘ਚ ਕੰਮ ਕਰ ਕਰਨ ਵਾਲੇ ਮਜ਼ਦੂਰਾਂ ਦੀ ਕੀਟਨਾਸ਼ਕ ਦਵਾਈ ਪੀਣ ਨਾਲ ਹੋਈ ਮੌਤ

ਸੁਲਤਾਨਪੁਰ ਲੋਧੀ : ਜ਼ਿਲ੍ਹਾ ਕਪੂਰਥਲਾ ਦੇ ਕਸਬਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਪਿੰਡ ਬਾਊਪੁਰ ਵਿੱਚ ਸ਼ਰਾਬ ਨੂੰ ਗਲਤੀ ਨਾਲ ਕੀਟਨਾਸ਼ਕ ਦਵਾਈ ਪੀਣ ਨਾਲ ਦੋ ਮਜ਼ਦੂਰਾਂ ਦੀ ਮੌਤ ਅਤੇ ਇੱਕ ਦੀ ਹਾਲਤ ਗੰਭੀਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾਂ ਵਿੱਚ ਅਰਜਨ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਲਖਵਾਰੀਆਂ ਅਤੇ ਇੱਕ ਹੋਰ ਸੂਰੋ ਮੰਡਲ ਪੁੱਤਰ ਜੋਗੀ ਮੰਡਲ ਪ੍ਰਵਾਸੀ ਮਜ਼ਦੂਰ ਦੱਸੇ ਜਾਂਦੇ ਹਨ। ਜਦੋਂਕਿ ਫੁਲਕੀਤ ਮੰਡਲ ਪੁੱਤਰ ਰਾਮ ਮੰਡਲ, ਜਿਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਦਾ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਉਹ ਵੀ ਪਰਵਾਸੀ ਮਜ਼ਦੂਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਤਿੰਨੋਂ ਨੇੜਲੇ ਪਿੰਡ ਪਰਮਜੀਤਪੁਰ ਵਿੱਚ ਇੱਕ ਕਿਸਾਨ ਦੇ ਖੇਤ ਵਿੱਚ ਕੰਮ ਕਰ ਰਹੇ ਸਨ।ਦੱਸਿਆ ਜਾ ਰਿਹਾ ਹੈ ਕਿ ਖੇਤਾਂ ‘ਚ ਕੰਮ ਕਰਨ ਤੋਂ ਬਾਅਦ ਉਕਤ ਮਜ਼ਦੂਰ ਜਦੋਂ ਬਾਊਪੁਰ ਵਿਖੇ ਇਕ ਕਿਸਾਨ ਦੀ ਮੋਟਰ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਨੇ ‘ਫਸਟ ਚੁਆਇਸ’ ਸ਼ਰਾਬ ਦੀ ਬੋਤਲ ਦੇਖੀ, ਜਿਸ ‘ਚ ਕਥਿਤ ਤੌਰ ‘ਤੇ ਕੀਟਨਾਸ਼ਕ ਦਵਾਈ ਸੀ। ਤਿੰਨਾਂ ਨੇ ਉਸ ਕੀਟਨਾਸ਼ਕ ਨੂੰ ਸ਼ਰਾਬ ਸਮਝ ਕੇ ਪੀ ਲਿਆ। ਇਸ ਤੋਂ ਬਾਅਦ ਉਨ੍ਹਾਂ ਦੀ ਤਬੀਅਤ ਕੁਝ ਦੇਰ ਵਿਚ ਵਿਗੜ ਗਈ। ਨਿਸ਼ਾਨ ਸਿੰਘ ਅਤੇ ਸੂਰੋ ਮੰਡਲ ਨੂੰ ਉਨ੍ਹਾਂ ਦੇ ਸਾਥੀਆਂ ਵੱਲੋਂ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਿਊਟੀ ‘ਤੇ ਮੌਜੂਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਥਾਣਾ ਕਬੀਰਪੁਰ ਦੀ ਪੁਲਿਸ ਨੇ ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।