ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਰਦੀ ਦੀਆਂ ਛੁੱਟੀਆਂ ਦੌਰਾਨ ਜਾਰੀ ਕੀਤੇ ਸ਼ਖ਼ਤ ਆਦੇਸ਼
ਅੰਮ੍ਰਿਤਸਰ : ਪੰਜਾਬ ਸਰਕਾਰ ਦੁਆਰਾ ਐਲਾਨੀਆਂ ਗਈਆਂ ਸਰਦੀ ਦੀਆਂ 24 ਦਸੰਬਰ ਤੋਂ 1 ਜਨਵਰੀ ਤੱਕ ਛੁੱਟੀਆਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਕੂਲ ਬੁਲਾਉਣ ਵਾਲੇ ਸਕੂਲਾਂ ਵਿਰੁੱਧ ਹੁਣ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਰਾਜੇਸ਼ ਸ਼ਰਮਾ ਨੇ ਸਰਕਾਰੀ ਆਦੇਸ਼ਾਂ ਨੂੰ ਜ਼ਮੀਨੀ ਪੱਧਰ ਤੱਕ ਪਾਲਣਾ ਕਰਨ ਦੇ ਲਈ ਇੱਕ ਵਿਸ਼ੇਸ਼ ਚੈਕਿੰਗ ਟੀਮ ਦਾ ਗਠਨ ਕੀਤਾ ਹੈ। ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਲਿਖਤੀ ਸ਼ਿਕਾਇਤ ਮਿਲਣ ‘ਤੇ, ਤੱਥਾਂ ਦੇ ਆਧਾਰ ‘ਤੇ ਸਬੰਧਤ ਸਕੂਲ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ 24 ਦਸੰਬਰ ਤੋਂ 1 ਜਨਵਰੀ ਤੱਕ ਸਰਦੀਆਂ ਦੀਆਂ ਛੁੱਟੀਆਂ ਕੀਤੀਆਂ ਗਿਆ ਹਨ।ਸਰਕਾਰ ਦੇ ਇਹ ਹੁਕਮ ਸਰਕਾਰੀ, ਪ੍ਰਾਈਵੇਟ ਅਤੇ ਐਡਿਡ ਸਕੂਲਾਂ ਉੱਤੇ ਲਾਗੂ ਹੁੰਦੇ ਹਨ। ਅੱਜ ਸਰਕਾਰ ਵੱਲੋਂ ਐਲਾਨੀ ਛੁੱਟੀ ਦਾ ਪਹਿਲਾ ਦਿਨ ਸੀ, ਪਰ ਰਣਜੀਤ ਐਵੇਨਿਊ ਸਥਿਤ ਇੱਕ ਸਕੂਲ ਵੱਲੋਂ ਸਕੂਲ ਲਾਇਆ ਗਿਆ, ਜਿਸ ਵਿੱਚ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ। ਵਿਭਾਗ ਦੇ ਧਿਆਨ ਵਿੱਚ ਆਉਣ ਉੱਤੇ ਉਕਤ ਸਕੂਲ ਨੂੰ ਛੁੱਟੀਆਂ ਦੌਰਾਨ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬੱਚਿਆ ਅਤੇ ਅਧਿਆਪਕਾਂ ਨੂੰ ਸਿਹਤਮੰਦ ਅਤੇ ਜਾਨ-ਮਾਲ ਦੀ ਸੁਰਖਿਆ ਦੇ ਲਈ ਸਰਦੀਆਂ ਦੇ ਦੌਰਾਨ ਛੁੱਟੀਆਂ ਦੀ ਘੌਸ਼ਣਾ ਕੀਤੀ ਹੈ। ਜੇਕਰ ਇਸ ਸਮੇਂ ਦੌਰਾਨ ਕਿਸੇ ਵੀ ਵਿਦਿਆਰਥੀ ਜਾਂ ਅਧਿਆਪਕ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਤਾਂ ਸੰਬੰਧਤ ਸਕੂਲ ਪ੍ਰਿੰਸੀਪਲ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਵੇਗਾ।ਸਰਕਾਰੀ ਹੁਕਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ, ਜ਼ਿਲ੍ਹਾ ਸਿੱਖਿਆ ਡਿਪਟੀ ਅਫ਼ਸਰ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ, ਜੋ ਜ਼ਿਲ੍ਹੇ ਭਰ ਵਿੱਚ ਸਕੂਲ ਮੁੜ ਖੋਲ੍ਹਣ ਸੰਬੰਧੀ ਪ੍ਰਾਪਤ ਸ਼ਿਕਾਇਤਾਂ ‘ਤੇ ਨਿਰੰਤਰ ਅਤੇ ਤੁਰੰਤ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਸਕੂਲ ਵਿਰੁੱਧ ਸ਼ਿਕਾਇਤ ਸਹੀ ਪਾਈ ਜਾਂਦੀ ਹੈ, ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ, ਅਤੇ ਸਕੂਲ ਦੀ ਮਾਨਤਾ ਰੱਦ ਕਰਨ ਲਈ ਵਿਭਾਗ ਨੂੰ ਪੱਤਰ ਲਿਖਿਆ ਜਾਵੇਗਾ।
SikhDiary