ਜੰਮੂ ਕਸ਼ਮੀਰ ’ਚ ਅਧਿਕਾਰਿਕ ਭਾਸ਼ਾਵਾਂ ’ਚ ਪੰਜਾਬੀ ਨੂੰ ਸ਼ਾਮਲ ਕਰਾਉਣ ਲਈ ਸਿੱਖਾਂ ਨੇ ਸ਼ੁਰੂ ਕੀਤੀ ਮੁਹਿੰਮ

ਜੰਮੂ ਕਸ਼ਮੀਰ ਵਿਚ ਅਧਿਕਾਰਿਕ ਭਾਸ਼ਾਵਾਂ ਦੀ ਸੂਚੀ ਵਿਚ ਪੰਜਾਬੀ ਨੂੰ ਸ਼ਾਮਲ ਕਰਾਉਣ ਨੂੰ ਲੈ ਕੇ ਦਬਾਅ ਬਣਾਉਣ ਲਈ ਇਕ ਸਿੱਖ ਸੰਗਠਨ ਨੇ ਸ਼ਨੀਵਾਰ ਨੂੰ ਦਸਤਖ਼ਤ ਅਭਿਆਨ ਸ਼ੁਰੂ ਕੀਤਾ। ਸਿੱਖ ਯੁਵਾ ਸੇਵਾ ਟ੍ਰਸਟ ਨੇ ਗਾਂਧੀਨਗਰ ਵਿਚ ਗੁਰਦੁਆਰਾ ਦੇ ਬਾਹਰ ਇਹ ਦਸਤਖ਼ਤ ਅਭਿਆਨ ਸ਼ੁਰੂ ਕੀਤਾ ਹੈ। ਕੇਂਦਰੀ ਮੰਤਰੀ ਮੰਡਲ ਨੇ ਦੋ ਸਤੰਬਰ ਨੂੰ ਇਕ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ ਜਿਸ ਤਹਿਤ ਉਰਦੂ ਅਤੇ ਅੰਗਰੇਜ਼ੀ ਤੋਂ ਇਲਾਵਾ ਕਸ਼ਮੀਰੀ, ਡੋਗਰੀ ਅਤੇ ਹਿੰਦੀ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿਚ ਅਧਿਕਾਰਿਕ ਭਾਸ਼ਾਵਾਂ ਹੋਣਗੀਆਂ। ਅਗਲੇ ਹਫ਼ਤੇ ਮਾਨਸੂਨ ਸੈਸ਼ਨ ਵਿਚ ਸੰਸਦ ਵਿੱਚ ਇਸ ਬਿੱਲ ਨੂੰ ਰੱਖਣ ਦੀ ਸੰਭਾਵਨਾ ਹੈ। ਟ੍ਰਸਟ ਦੇ ਪ੍ਰਧਾਨ ਤਾਜਿੰਦਰ ਪਾਲ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਅਧਿਕਾਰਿਕ ਭਾਸ਼ਾਵਾਂ ਦੀ ਸੂਚੀ ਵਿਚ ਪੰਜਾਬੀ ਨੂੰ ਸ਼ਾਮਿਲ ਕਰਨ ਲਈ ਉਹਨਾਂ ਨੇ ਸਮਰਥਨ ਜੁਟਾਉਣ ਅਤੇ ਸਰਕਾਰ ਤੇ ਦਬਾਅ ਬਣਾਉਣ ਲਈ ਇਹ ਅਭਿਆਨ ਸ਼ੁਰੂ ਕੀਤਾ ਹੈ। ਉਹਨਾਂ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਸਮਾਜ ਦੇ ਸਾਰੇ ਵਰਗਾਂ ਤੋਂ ਸਮਰਥਨ ਦੇ ਬਾਵਜੂਦ ਕੇਂਦਰ ਨੇ ਉਹਨਾਂ ਦੀ ਮੰਗ ਨੂੰ ਸਵੀਕਾਰ ਨਹੀਂ ਕੀਤਾ। ਉਹਨਾਂ ਅੱਗੇ ਕਿਹਾ ਕਿ ਲੋਕਤੰਤਰ ਹੈ ਅਤੇ ਕਿਸੇ ਵੀ ਪ੍ਰਕਾਰ ਦੇ ਭੇਦਭਾਵ ਖਿਲਾਫ ਅਪਣੀ ਅਵਾਜ਼ ਚੁੱਕਣਾ ਉਹਨਾਂ ਦਾ ਅਧਿਕਾਰ ਹੈ। ਸਿੱਖ ਅਪਣੀਆਂ ਮੰਗਾਂ ਦੇ ਸਮਰਥਨ ਵਿਚ ਸ਼ਾਂਤੀਪੂਰਨ ਪ੍ਰਦਰਸ਼ਨ ਜਾਰੀ ਰੱਖਣਗੇ।