ਲੰਡਾ ਗਰੁੱਪ ਦੇ 12 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਅਵੈਦ ਸਮਾਨ ਕੀਤਾ ਬਰਾਮਦ
ਕਪੂਰਥਲਾ : ਜ਼ਿਲ੍ਹਾ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਕਪੂਰਥਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀ ਮੰਗਣ ਵਾਲੇ ਲਖਵੀਰ ਸਿੰਘ ਉਰਫ਼ ਲੰਡਾ ਗਰੁੱਪ ਦੇ 12 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 2 ਪਿਸਤੌਲ, ਇੱਕ ਰਿਵਾਲਵਰ, 26 ਜਿੰਦਾ ਕਾਰਤੂਸ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਸਥਾਨਕ ਪੁਲਿਸ ਲਾਈਨ ਵਿੱਚ ਐਸ.ਐਸ.ਪੀ. ਵਤਸਲਾ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਚਲਾਏ ਇੱਕ ਵਿਸ਼ੇਸ਼ ਅਭਿਆਨ ਤਹਿਤ ਫਿਰੌਤੀ ਮੰਗਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਐੱਸ.ਪੀ. (ਡੀ.) ਸਰਬਜੀਤ ਰਾਏ, ਡੀ.ਐਸ.ਪੀ (ਡੀ.) ਗੁਰਮੀਤ ਸਿੰਘ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ਼ ਦੀ ਟੀਮ ਵੱਲੋਂ ਕਾਊਂਟਰ ਇੰਟੈਲੀਜੈਂਸ ਜਲੰਧਰ ਦੀ ਟੀਮ ਨਾਲ ਸਾਂਝੇ ਤੌਰ ‘ਤੇ ਚਲਾਏ ਗਏ ਅਪਰੇਸ਼ਨ ਤਹਿਤ ਲਖਵੀਰ ਸਿੰਘ ਉਰਫ਼ ਲੰਡਾ ਗਰੋਹ ਦੇ ਸਰਗਰਮ ਮੈਂਬਰਾਂ ਨੂੰ ਕਾਬੂ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਜਸਵੀਰ ਸਿੰਘ ਉਰਫ਼ ਜੱਸਾ ਵਾਸੀ ਗਿੱਲ ਥਾਣਾ ਨਕੋਦਰ, ਮਨਿੰਦਰ ਸਿੰਘ ਵਾਸੀ ਪਿੰਡ ਚਿੱਟੀ, ਗੁਰਜੀਤ ਸਿੰਘ ਉਰਫ਼ ਗਿਆਨੀ ਵਾਸੀ ਮੁਹੱਲਾ ਕਮਾਲਪੁਰ ਨਕੋਦਰ, ਯੁਵਰਾਜ ਕੁਮਾਰ ਉਰਫ਼ ਕਾਲੂ ਵਾਸੀ ਮੁਹੱਲਾ ਧੀਰਾਂ, ਨਕੋਦਰ, ਅੰਗਰੇਜ਼ ਸਿੰਘ ਉਰਫ਼ ਗੇਜ਼ੀ ਵਾਸੀ ਘਣਕਾ ਜ਼ਿਲ੍ਹਾ ਸੰਗਰੂਰ, ਮਨਪ੍ਰੀਤ ਸਿੰਘ ਉਰਫ਼ ਗੋਲਡੀ ਵਾਸੀ ਹਰਕ੍ਰਿਸ਼ਨਪੁਰਾ ਜ਼ਿਲ੍ਹਾ ਸੰਗਰੂਰ, ਧਰਮਿੰਦਰ ਸਿੰਘ ਉਰਫ਼ ਅਮਲੀ ਵਾਸੀ ਪਿੰਡ ਤੁਤਕਲਾਂ ਜ਼ਿਲ੍ਹਾ ਜਲੰਧਰ, ਜਸਪ੍ਰੀਤ ਸਿੰਘ ਉਰਫ਼ ਜੱਸਾ ਵਾਸੀ ਕੋਟਲਾ ਲਹਿਲ ਜ਼ਿਲ੍ਹਾ ਲਹਿਰਾਗਾਗਾ, ਬਲਵਿੰਦਰ ਸਿੰਘ ਉਰਫ ਬਿੱਲਾ ਵਾਸੀ ਜੱਬੋਵਾਲ, ਸੁਲਤਾਨਪੁਰ ਲੋਧੀ, ਸੁਖਪ੍ਰੀਤ ਸਿੰਘ ਉਰਫ ਸੁੱਖਾ ਵਾਸੀ ਢੰਡੋਵਾਲ, ਸ਼ਾਹਕੋਟ, ਹਰਜੀਤ ਸਿੰਘ ਉਰਫ ਬਾਰੂ ਵਾਸੀ ਢੰਡੋਵਾਲ ਅਤੇ ਵਿਸ਼ਾਲ ਉਰਫ ਬਿੱਲੀ ਵਾਸੀ ਢੰਡੋਵਾਲ ਸ਼ਾਮਲ ਹਨ। ਵਤਸਲਾ ਗੁਪਤਾ ਨੇ ਦੱਸਿਆ ਕਿ ਲਖਵੀਰ ਸਿੰਘ ਉਰਫ਼ ਹਰੀਕੇ ਵਾਸੀ ਲੰਡਾ ਜੋ ਕਿ ਇਸ ਸਮੇਂ ਵਿਦੇਸ਼ ਵਿੱਚ ਰਹਿ ਰਿਹਾ ਹੈ, ਆਪ ਅਤੇ ਆਪਣੇ ਸਾਥੀ ਦੇ ਜਰੀਏ ਆਮ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀ ਦੀ ਮੰਗ ਕਰਦਾ ਸੀ।ਜਸਵੀਰ ਸਿੰਘ ਜੱਸਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਹੋਰ ਵੀ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ, ਜਿਨ੍ਹਾਂ ਖ਼ਿਲਾਫ਼ ਦਰਜ ਕੇਸ ਵੀ ਟਰੇਸ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਸਵੀਰ ਸਿੰਘ ਉਰਫ਼ ਜੱਸਾ ਇੱਕ ਬਹੁਤ ਹੀ ਸ਼ਰਾਰਤੀ ਅਨਸਰ ਹੈ, ਜਿਸ ਨੇ ਕਈ ਜ਼ਿਲ੍ਹਿਆਂ ਵਿੱਚ ਆਪਣੇ ਟਿਕਾਣੇ ਬਣਾਏ ਹੋਏ ਹਨ ਅਤੇ ਅਪਰਾਧ ਕਰਨ ਤੋਂ ਬਾਅਦ ਉਹ ਜਲੰਧਰ ਅਤੇ ਸੰਗਰੂਰ ਜ਼ਿਲ੍ਹਿਆਂ ਵਿੱਚ ਲੁਕ ਜਾਂਦਾ ਸੀ। ਉਨ੍ਹਾਂ ਕਿਹਾ ਕਿ ਅਜਿਹੇ ਅਪਰਾਧੀ ਕਿਸਮ ਦੇ ਵਿਅਕਤੀ ਨੂੰ ਸੁਰੱਖਿਆ ਨਹੀਂ ਮਿਲਣੀ ਚਾਹੀਦੀ। ਪੈਸੇ ਦੇਣ ਵਾਲੇ ਉਸ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਸੀਨੀਅਰ ਪੁਲਿਸ ਕਪਤਾਨ ਵਤਸਲਾ ਗੁਪਤਾ ਨੇ ਦੱਸਿਆ ਕਿ ਗਰੋਹ ਦੇ ਮੁੱਖ ਮੈਂਬਰ ਜਸਵੀਰ ਸਿੰਘ ਉਰਫ਼ ਜੱਸਾ ਖ਼ਿਲਾਫ਼ ਅਸਲਾ ਐਕਟ ਦੇ 8 ਅਜਿਹੇ ਕੇਸ ਦਰਜ ਹਨ, ਜਿਨ੍ਹਾਂ ਵਿੱਚ ਉਹ ਫ਼ਰਾਰ ਸੀ। ਇਹ ਸਾਰੇ ਯੋਜਨਾਬੱਧ ਤਰੀਕੇ ਨਾਲ ਲੋਕਾਂ ਦੇ ਘਰਾਂ ‘ਤੇ ਗੋਲੀਆਂ ਚਲਾ ਕੇ ਫਿਰੌਤੀ ਦੀ ਮੰਗ ਕਰਦੇ ਸਨ।