ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮੁੱਖ ਸਕੱਤਰ ਢਿਲੋਂ ਨੇ ਮੁਆਫੀ ਮੰਗੀ ਅਦਾਲਤ ਵਿੱਚ ਚੱਲਦਾ ਕੇਸ ਵਾਪਿਸ ਲੈਣ ਦਾ ਕੀਤਾ ਵਾਅਦਾ

ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਜਰਨਲ ਸਕੱਤਰ ਸ ਮਹਿੰਦਰ ਸਿੰਘ ਢਿਲੋਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਨਮੁੱਖ ਪੇਸ਼ ਹੋ ਕੇ ਆਪਣੀ ਗਲਤੀ ਦੀ ਮੁਆਫੀ ਮੰਗਦਿਆਂ ਕਿਹਾ ਕਿ ਉਹ ਅਦਾਲਤ ਵਿਚ ਦਿੱਤਾ ਗਿਆ ਹਲਫ਼ੀਆ ਬਿਆਨ ਵਾਪਿਸ ਲਵੇਗਾ ਤੇ ਅੱਗੇ ਤੋਂ ਵਿਸ਼ਵਾਸ ਦਿਵਾਉਂਦਾ ਹੈ ਕਿ ਭਵਿੱਖ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਖਿਲਾਫ਼ ਕਿਸੇ ਵੀ ਕਿਸਮ ਦੀ ਦੁਬਾਰਾ ਗਲਤੀ ਨਹੀਂ ਕਰੇਗਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਨਮੁੱਖ ਮਹਿੰਦਰ ਸਿੰਘ ਢਿਲੋਂ ਵੱਲੋ ਪੇਸ਼ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਮਹਿੰਦਰ ਸਿੰਘ ਢਿਲੋਂ ਨੇ ਆਪਣੀ ਗਲਤੀਨਾਮਾ ਕਬੂਲ ਕਰਦਿਆਂ ਕਿਹਾ ਕਿ ਉਸ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਚਨੌਤੀ ਦੇਂਦਿਆਂ ਜਿਹੜਾ ਹਲਫ਼ੀਆ ਬਿਆਨ ਅਦਾਲਤ ਵਿੱਚ ਦਿੱਤਾ ਸੀ ਉਸ ਨੂੰ ਵਾਪਿਸ ਲੈ ਲਵੇਗਾ। ਵਰਨਣਯੋਗ ਹੈ ਕਜ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਅਦਾਲਤ ਵਿੱਚ ਉਹਨਾਂ ਦੀ ਸੇਵਾਵਾਂ ਖ਼ਤਮ ਕੀਤੇ ਜਾਣ ਵਿਰੁੱਧ ਕੀਤੇ ਗਏ ਕੇਸ ਵਿੱਚ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਜਰਨਲ ਸੱਕਤਰ ਹੋਣ ਦੇ ਨਾਤੇ ਮਹਿੰਦਰ ਸਿੰਘ ਢਿਲੋਂ ਨੇ ਪੰਥਕ ਰਵਾਇਤਾਂ ਤੇ ਕਦਰਾਂ ਕੀਮਤਾਂ ਦੇ ਖਿਲਾਫ ਅਦਾਲਤ ਨੂੰ ਲਿਖ ਕੇ ਦਿੱਤਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਸਰਵਉੱਚ ਨਹੀਂ ਹੈ ਤੇ ਉਸ ਦਾ ਹੁਕਮ ਤਖ਼ਤ ਸ੍ਰੀ ਪਟਨਾ ਸਾਹਿਬ ਤੇ ਲਾਗੂ ਨਹੀਂ ਹੁੰਦਾ ਜਿਸ ਨੂੰ ਲੈ ਕੇ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਇਤਰਾਜ਼ ਜਤਾਇਆ। ਸ੍ਰੀ ਅਕਾਲ ਤਖਤ ਸਾਹਿਬ ਤੇ ਜਦੋਂ ਮਹਿੰਦਰ ਸਿੰਘ ਢਿਲੋਂ ਨੂੰ ਸਪੱਸ਼ਟੀਕਰਨ ਦੇਣ ਲਈ ਪੱਤਰ ਜਾਰੀ ਕੀਤਾ ਗਿਆ ਤੇ ਉਹ ਸੱਤ ਸਫ਼ਿਆਂ ਦਾ ਸਪਸ਼ਟੀਕਰਨ ਦੇ ਗਿਆ ਜਿਸ ਵਿੱਚ ਕੁਝ ਵੀ ਸਪੱਸ਼ਟ ਨਹੀਂ ਹੁੰਦਾ ਸੀ। ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਸਿਰ ਮੱਥੇ ਕਬੂਲ ਕਰਦਿਆਂ ਅੱਜ ਜਥੇਦਾਰ ਦੇ ਸਨਮੁੱਖ ਪੇਸ਼ ਹੁੰਦਿਆਂ ਆਪਣੀ ਗਲਤੀ ਕਬੂਲ ਕਰਦਿਆਂ ਕੇਸ ਵਾਪਿਸ ਲੈਣ ਦਾ ਵਾਅਦਾ ਕੀਤਾ। ਜਥੇਦਾਰ ਅਕਾਲ ਤਖਤ ਨੇ ਕਿਹਾ ਜੀ ਕਿ ਮਹਿੰਦਰ ਸਿੰਘ ਢਿਲੋਂ ਨੇ ਵਾਅਦਾ ਕੀਤਾ ਹੈ ਕਿ ਉਹ ਸਮੁੱਚਾ ਕੇਸ ਵਾਪਿਸ ਲਵੇਗਾ ਮਹਿੰਦਰ ਸਿੰਘ ਨੇ ਪੁਸ਼ਟੀ ਕੀਤੀ ਕਿ ਉਹ ਕੇਸ ਵਾਪਿਸ ਲਵੇਗਾ।