ਸੰਘਣੀ ਧੁੰਦ ਕਾਰਨ ਨੂਰਮਹਿਲ ਰੋਡ ਸਥਿਤ ਹਰੀਪੁਰ ਰੇਲਵੇ ਕਰਾਸਿੰਗ ਦੇ ਨੇੜੇ ਪਲਟਿਆ ਟਰੱਕ
ਫਿਲੌਰ : ਸੰਘਣੀ ਧੁੰਦ ਦੌਰਾਨ ਫਿਲੌਰ ਵਿੱਚ ਇੱਕ ਵੱਡਾ ਸੜਕ ਹਾਦਸਾ ਸਾਹਮਣੇ ਆਇਆ ਹੈ। ਨੂਰਮਹਿਲ ਰੋਡ ਸਥਿਤ ਹਰੀਪੁਰ ਰੇਲਵੇ ਕਰਾਸਿੰਗ ਦੇ ਨੇੜੇ ਗਾਜਰਾਂ ਨਾਲ ਭਰਿਆ ਇੱਕ ਟਰੱਕ ਰੇਲਵੇ ਟਰੈਕ ਦੀ ਕੰਧ ਨਾਲ ਟਕਰਾ ਕੇ ਪਲਟ ਗਿਆ। ਹਾਦਸੇ ਦੇ ਸਮੇਂ ਟਰੱਕ ਦੇ ਅੰਦਰ ਦੋ ਲੋਕ ਸਵਾਰ ਸਨ, ਪਰ ਖੁਸ਼ਕਿਸਮਤੀ ਨਾਲ, ਉਹ ਸੁਰੱਖਿਅਤ ਬਚ ਗਏ।ਜਾਣਕਾਰੀ ਅਨੁਸਾਰ ਟਰੱਕ ਸੁਲਤਾਨਪੁਰ ਤੋਂ ਗਾਜਰਾਂ ਲੋਡ ਕਰਕੇ ਦਿੱਲੀ ਵੱਲ ਜਾ ਰਿਹਾ ਸੀ। ਸੰਘਣੀ ਧੁੰਦ ਕਾਰਨ ਡਰਾਈਵਰ ਨੂੰ ਅੱਗੇ ਕੁਝ ਦਿਖਾਈ ਨਹੀਂ ਦਿੱਤਾ ਅਤੇ ਟਰੱਕ ਅਚਾਨਕ ਬੇਕਾਬੂ ਹੋ ਕੇ ਰੇਲਵੇ ਦੀਵਾਰ ਨਾਲ ਟਕਰਾ ਗਿਆ, ਜਿਸ ਨਾਲ ਦੀਵਾਰ ਟੁੱਟ ਗਈ ਅਤੇ ਟਰੱਕ ਪਲਟ ਗਿਆ। ਹਾਦਸੇ ਵਾਲੀ ਥਾਂ ਤੋਂ ਕੁਝ ਹੀ ਦੂਰੀ ‘ਤੇ ਗੇਟਮੈਨ ਦਾ ਕਮਰਾ ਸਥਿਤ ਹੈ, ਪਰ ਖੁਸ਼ਕਿਸਮਤੀ ਨਾਲ ਗੇਟਮੈਨ ਇਸ ਦੁਘਟਨਾ ਵਿੱਚ ਬਾਲ-ਬਾਲ ਬਚ ਗਿਆ।ਇਹ ਹਾਦਸਾ ਨਕੋਦਰ ਤੋਂ ਲੁਧਿਆਣਾ ਜਾਣ ਵਾਲੀ ਰੇਲਗੱਡੀ ਨੰਬਰ 709 ਦੇ ਰੂਟ ‘ਤੇ ਨੂਰਮਹਿਲ ਰੋਡ ‘ਤੇ ਹਰੀਪੁਰ ਕਰਾਸਿੰਗ ਦੇ ਨੇੜੇ ਵਾਪਰਿਆ। ਦੁਘਟਨਾ ਦੇ ਕਾਰਨ ਰੇਲਵੇ ਸਿਗਨਲ ਨੂੰ ਵੀ ਨੁਕਸਾਨ ਪਹੁੰਚਾਇਆ, ਜਿਸ ਕਾਰਨ ਕਰਾਸਿੰਗ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਵਿੱਚ ਵਿਘਨ ਪਿਆ। ਹਾਦਸੇ ਤੋਂ ਬਾਅਦ, ਰੇਲਵੇ ਕਰਮਚਾਰੀਆਂ ਦੀ ਮਦਦ ਨਾਲ ਟਰੱਕ ਨੂੰ ਸਿੱਧਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਟਰੱਕ ਦਾ ਜਿਆਦਾ ਵਜਨ ਹੋਣ ਕਾਰਨ ਸਫਲਤਾ ਨਹੀ ਮਿਲ ਸਕੀ। ਇਸ ਦੌਰਾਨ, ਰੇਲਵੇ ਪਟੜੀਆਂ ‘ਤੇ ਵੱਡੀ ਮਾਤਰਾ ਵਿੱਚ ਗਾਜਰ ਗਿਰ ਗਈਆ , ਜਿਸ ਕਾਰਨ ਜਨਤਾ ਨੂੰ ਕਾਫ਼ੀ ਪਰੇਸ਼ਾਨੀ ਹੋਈ। ਟਰੱਕ ਡਰਾਈਵਰ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ, ਉਹ ਅੱਗੇ ਕੁਝ ਵੀ ਨਹੀਂ ਦੇਖ ਸਕਿਆ, ਜਿਸ ਕਾਰਨ ਇਹ ਹਾਦਸਾ ਹੋਇਆ। ਇਸ ਸਮੇਂ ਆਮ ਸਥਿਤੀ ਨੂੰ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
SikhDiary