ਸੜਕ ਕਿਨਾਰੇ ਬਣੀ ਝੁੱਗੀ ’ਚ ਸੌਂ ਰਹੇ ਪਰਿਵਾਰ ’ਤੇ ਪਲਟਿਆ ਬੱਜਰੀ ਨਾਲ ਭਰਿਆ ਟਰੱਕ, 2 ਮਾਸੂਮ ਬੱਚਿਆਂ ਦੀ ਮੌਤ
ਜਗਰਾਉਂ : ਜਗਰਾਉਂ ਵਿੱਚ ਅੱਜ ਸਵੇਰੇ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਜਿੱਥੇ ਬੱਜਰੀ ਨਾਲ ਭਰਿਆ ਇੱਕ ਟਰੱਕ ਸੜਕ ਕਿਨਾਰੇ ਬਣੀ ਇੱਕ ਝੁੱਗੀ ਉੱਤੇ ਪਲਟ ਗਿਆ, ਜਿਸ ਨਾਲ ਅੰਦਰ ਸੌਂ ਰਹੇ ਇੱਕ ਪਰਿਵਾਰ ਉੱਤੇ ਕਹਿਰ ਟੁੱਟ ਗਿਆ। ਇਸ ਦਰਦਨਾਕ ਹਾਦਸੇ ਵਿੱਚ ਦੋ ਮਾਸੂਮ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਬਾਕੀ ਮੈਂਬਰ ਗੰਭੀਰ ਜ਼ਖਮੀ ਹੋ ਗਏ।ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਅੱਜ ਸਵੇਰੇ ਕਰੀਬ 3:15 ਵਜੇ ਜਗਰਾਓਂ ਤੋਂ ਸਿੱਧਵਾਂ ਬੇਟ ਰੋਡ ਵੱਲ ਜਾਂਦੇ ਸਮੇਂ ਗੰਦੇ ਨਾਲੇ ਕੋਲ ਬਜਰੀ ਨਾਲ ਲੱਦਿਆ ਇੱਕ ਟਰੱਕ ਅਚਾਨਕ ਬੇਕਾਬੂ ਹੋ ਕੇ ਝੁੱਗੀ ‘ਤੇ ਪਲਟ ਗਿਆ। ਉਸ ਝੁੱਗੀ ਵਿੱਚ ਚਾਰ ਬੱਚੇ ਅਤੇ ਉਨ੍ਹਾਂ ਦੇ ਮਾਤਾ-ਪਿਤਾ ਸੌਂ ਰਹੇ ਸਨ, ਜੋ ਖਿਡੌਣੇ ਵੇਚਣ ਦਾ ਕੰਮ ਕਰਦੇ ਹਨ।ਹਾਦਸਾ ਇੰਨਾ ਭਿਆਨਕ ਸੀ ਕਿ ਦੋ ਬੱਚਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਅਤੇ ਉਨ੍ਹਾਂ ਦੇ ਮਾਪੇ ਗੰਭੀਰ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਜਗਰਾਉਂ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ, ਟਰੱਕ ਡਰਾਈਵਰ ਜ਼ਖਮੀਆਂ ਦੀ ਮਦਦ ਕਰਨ ਦੀ ਬਜਾਏ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਫਰਾਰ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
SikhDiary