ਸਿਲੰਡਰ ਫਟਣ ਨਾਲ ਹੋਇਆ ਜ਼ਬਰਦਸਤ ਧਮਾਕਾ , ਪੰਜ ਲੋਕ ਗੰਭੀਰ ਜ਼ਖਮੀ

ਬਟਾਲਾ: ਬਟਾਲਾ ਨੇੜੇ ਆਲੋਵਾਲ ਪਿੰਡ ਵਿੱਚ ਗੈਸ ਸਿਲੰਡਰ ਫਟਣ ਨਾਲ ਦਹਿਸ਼ਤ ਫੈਲ ਗਈ। ਸਿਲੰਡਰ ਫਟਣ ਨਾਲ ਹੋਏ ਜ਼ਬਰਦਸਤ ਧਮਾਕੇ ਵਿੱਚ ਪੰਜ ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਵਿੱਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਸ਼ਾਮਲ ਹਨ,ਜਿਸ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦਾ ਬੱਚਾ ਹੈ,ਜਦੋਂ ਕਿ ਦੋ ਹੋਰ ਸਗੇ ਭਰਾ ਦੱਸੇ ਜਾ ਰਹੇ ਹਨ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ।ਜ਼ਖਮੀਆਂ ਵਿੱਚੋਂ ਇੱਕ ਨੇ ਦੱਸਿਆ ਕਿ ਉਹ ਦਿਹਾੜੀਦਾਰ ਮਜ਼ਦੂਰ ਸੀ ਅਤੇ ਕੰਮ ‘ਤੇ ਜਾਣ ਤੋਂ ਪਹਿਲਾਂ ਘਰ ਵਿੱਚ ਚੌਲ ਪਕਾ ਰਿਹਾ ਸੀ। ਅਚਾਨਕ ਗੈਸ ਲੀਕ ਹੋਣ ਲੱਗੀ ਅਤੇ ਸਿਲੰਡਰ ਨੂੰ ਅੱਗ ਲੱਗ ਗਈ। ਅੱਗ ਲੱਗਦੀ ਦੇਖ ਕੇ ਉਸਨੇ ਸਿਲੰਡਰ ਚੁੱਕਿਆ ਅਤੇ ਖੁੱਲ੍ਹੇ ਵਿੱਚ ਸੁੱਟ ਦਿੱਤਾ, ਜਿੱਥੇ ਇਹ ਫਟ ਗਿਆ, ਜਿਸ ਨਾਲ ਇੱਕ ਵੱਡਾ ਧਮਾਕਾ ਹੋਇਆ।ਧਮਾਕੇ ਦੇ ਨਾਲ ਹੀ ਨੇੜੇ-ਤੇੜੇ ਦੇ ਪੰਜ ਲੋਕ ਅੱਗ ਦੀ ਚਪੇਟ ਵਿੱਚ ਆ ਗਏ ਅਤੇ ਬੁਰੀ ਤਰ੍ਹਾਂ ਝੁਲਸ ਗਏ। ਸਾਰੇ ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਬਟਾਲਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਕੁੱਲ ਪੰਜ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਗੰਭੀਰ ਰੂਪ ਵਿੱਚ ਸੜੇ ਮਰੀਜ਼ਾਂ ਨੂੰ ਬਿਹਤਰ ਇਲਾਜ ਲਈ ਅੰਮ੍ਰਿਤਸਰ ਰੈਫਰ ਕੀਤਾ ਜਾਵੇਗਾ।