ਗੁਰਬਾਣੀ ਦੀਆਂ ਪੋਥੀਆਂ ਦੀ ਬੇਅਦਬੀ ਦੇ ਦੋਸ਼ੀਆਂ ਖਿਲਾਫ ਸ਼੍ਰੋਮਣੀ ਕਮੇਟੀ ਵੱਲੋਂ ਪਰਚਾ ਦਰਜ਼

ਗੁਰੂ ਨਾਨਕ ਪੁਰਾ ਵਾਸੀ ਪਰਿਵਾਰ ਨੇ ਕੂੜੇ ਵਿਚ ਭੇਜੀਆਂ ਗੁਰਬਾਣੀ ਦੀਆਂ ਪਾਵਨ ਪੋਥੀਆਂ ਤੇ ਗੁਟਕਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਅਧਿਕਾਰੀ, ਡੀ.ਸੀ. ਤੇ ਪੁਲਿਸ ਕਮਿਸ਼ਨਰ ਮੌਕੇ ’ਤੇ ਪੁੱਜੇ, ਚਾਰ ਦੋਸ਼ੀ ਗ੍ਰਿਫਤਾਰ ਸ਼ਹਿਰ ਦੇ ਕੋਟ ਖਾਲਸਾ ਇਲਾਕੇ ਅੰਦਰ ਪੈਂਦੇ ਮੁਹੱਲਾ ਗੁਰੂ ਨਾਨਕ ਪੁਰਾ ਦੇ ਇੱਕ ਪਰਿਵਾਰ ਵੱਲੋਂ ਅੱਜ ਗੁਰਬਾਣੀ ਦੀਆਂ ਪਾਵਨ ਪੋਥੀਆਂ ਤੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਧਰ ਘਟਨਾ ਦਾ ਪਤਾ ਲੱਗਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਮੁੱਖ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾਂ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਤੇ ਹੈੱਡ ਪ੍ਰਚਾਰਕ ਭਾਈ ਜਗਦੇਵ ਸਿੰਘ ਘਟਨਾ ਸਥਾਨ ’ਤੇ ਪੁੱਜੇ ਅਤੇ ਦੋਸ਼ੀਆਂ ਖਿਲਾਫ ਸ਼੍ਰੋਮਣੀ ਕਮੇਟੀ ਵੱਲੋਂ ਥਾਣਾ ਕੋਟ ਖਾਲਸਾ ਵਿਚ ਪਰਚਾ ਦਰਜ਼ ਕਰਵਾ ਦਿੱਤਾ ਗਿਆ। ਇਸ ਮੌਕੇ ਏਸੀਪੀ ਸ. ਨਰਿੰਦਰ ਸਿੰਘ ਤੇ ਡੀਸੀਪੀ ਸ. ਹਰਜੀਤ ਸਿੰਘ ਧਾਲੀਵਾਲ ਵੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਦੀ ਹਾਜ਼ਰੀ ਵਿਚ ਪੁਲਿਸ ਨੇ ਦੋਸ਼ੀ ਮੰਗਲ ਸਿੰਘ ਵਾਸੀ ਗੁਰੂ ਨਾਨਕ ਪੁਰਾ, ਉਸ ਦੇ ਦੋ ਪੁੱਤਰਾਂ ਤੇ ਜਵਾਈ ਨੂੰ ਗ੍ਰਿਫਤਾਰ ਕਰਕੇ ਜਾਂਚ ਆਰੰਭ ਦਿੱਤੀ ਹੈ। ਇਸੇ ਦੌਰਾਨ ਥਾਣਾ ਕੋਟ ਖਾਲਸਾ ਵਿਖੇ ਪਹੁੰਚੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਤੇ ਪਲਿਸ ਕਮਿਸ਼ਨਰ ਸ. ਸੁਖਚੈਨ ਸਿੰਘ ਗਿੱਲ ਨੇ ਮਾਮਲੇ ਬਾਰੇ ਬਾਰੀਕੀ ਨਾਲ ਜਾਂਚ ਕਰਨ ਦੇ ਆਦੇਸ਼ ਦਿੱਤੇ। ਪੁਲਿਸ ਕਮਿਸ਼ਨਰ ਨੇ ਸ਼੍ਰੋਮਣੀ ਕਮੇਟੀ ਨੂੰ ਵਿਸ਼ਵਾਸ ਦੁਆਇਆ ਕਿ ਦੋਸ਼ੀਆਂ ਪਾਸੋਂ ਪੁੱਛਗਿੱਛ ਕਰਕੇ ਮਾਮਲੇ ਦੀ ਤਹਿ ਤੱਕ ਜਾਇਆ ਜਾਵੇਗਾ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਹੋਵੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਵੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਮਾਮਲੇ ਸਬੰਧੀ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਨੂੰ ਸਵੇਰੇ ਕੁਝ ਪ੍ਰੇਮੀਆਂ ਨੇ ਜਾਣਕਾਰੀ ਦਿੱਤੀ ਕਿ ਸਥਾਨਕ ਫਤਾਹਪੁਰ ਨੇੜੇ ਕੂੜਾ ਲੈ ਕੇ ਪੁੱਜੀ ਇੱਕ ਗੱਡੀ ਵਿਚ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪੋਥੀਆਂ ਪਾਈਆਂ ਗਈਆਂ ਹਨ, ਜਿਸ ਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਅਧਿਕਾਰੀਆਂ ਨੂੰ ਤੁਰੰਤ ਭੇਜਿਆ। ਉਨ੍ਹਾਂ ਦੱਸਿਆ ਕਿ ਕੂੜੇ ਵਾਲੀ ਗੱਡੀ ਦੇ ਡਰਾਇਵਰ ਸ. ਗੁਰਦੀਪ ਸਿੰਘ ਨੇ ਸਿਆਣਪ ਵਰਤਦਿਆਂ ਗੁਰਬਾਣੀ ਦੀਆਂ ਪੋਥੀਆਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗੁਰੂ ਨਾਨਕਪੁਰਾ ਵਿਖੇ ਪਹੁੰਚਾਈਆਂ। ਇਸ ਮਗਰੋਂ ਸ਼੍ਰੋਮਣੀ ਕਮੇਟੀ ਤੇ ਸਥਾਨਕ ਗੁਰਦੁਆਰਾ ਪ੍ਰਬੰਧਕਾਂ ਦੀ ਹਾਜ਼ਰੀ ਵਿਚ ਡਰਾਇਵਰ ਨੇ ਸਬੰਧਤ ਘਰ ਦੀ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਇਸ ਨੂੰ ਕੂੜੇ ਵਿਚ ਰੱਖਿਆ ਗਿਆ ਸੀ। ਡਰਾਇਵਰ ਗੁਰਦੀਪ ਸਿੰਘ ਅਨੁਸਾਰ ਸਬੰਧਤਾਂ ਨੇ ਕਿਹਾ ਸੀ ਕਿ ਇਹ ਘਰ ਦਾ ਵਾਧੂ ਸਮਾਨ ਹੈ। ਪਰ ਜਦੋਂ ਉਸ ਨੇ ਕੂੜਾ ਸੁੱਟਣ ਸਮੇਂ ਦੇਖਿਆ ਤਾਂ ਗੁਰਬਾਣੀ ਦੀਆਂ ਪੋਥੀਆਂ ਤੇ ਗੁਟਕਾ ਸਾਹਿਬ ਪਾਏ ਗਏ। ਕੂੜੇ ਵਿਚ ਦਿੱਤੀਆਂ ਪੋਥੀਆਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦਾਰਥ ਭਾਗ ਪਹਿਲਾ, ਸੁੰਦਰ ਗੁਟਕਾ, ਨਿਤਨੇਮ ਤੇ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਸਨ।