ਪੰਜਾਬ ਸਰਕਾਰ ਆਸ਼ਰਿਤ ਤੇ ਅਨਾਥ ਬੱਚਿਆਂ ਲਈ ਲਗਾਤਾਰ ਚੁੱਕ ਰਹੀ ਢੁਕਵੇਂ ਕਦਮ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਇਸ ਸਬੰਧ ਵਿੱਚ, ਸਰਕਾਰ ਆਸ਼ਰਿਤ ਅਤੇ ਅਨਾਥ ਬੱਚਿਆਂ ਦੇ ਸੁਰੱਖਿਅਤ, ਸਨਮਾਨਜਨਕ ਅਤੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਢੁਕਵੇਂ ਕਦਮ ਚੁੱਕ ਰਹੀ ਹੈ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਰਾਜ ਵਿੱਚ ਆਸ਼ਰਿਤ ਅਤੇ ਅਨਾਥ ਬੱਚਿਆਂ ਲਈ 314.22 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ ਕੀਤੀ ਹੈ, ਜਿਸ ਨਾਲ ਹਜ਼ਾਰਾਂ ਬੱਚਿਆਂ ਦੇ ਜੀਵਨ ਵਿੱਚ ਸੁਰੱਖਿਆ ਅਤੇ ਸਥਿਰਤਾ ਆਈ ਹੈ।ਉਨ੍ਹਾਂ ਅੱਗੇ ਕਿਹਾ ਕਿ ਇਸ ਯੋਜਨਾ ਤਹਿਤ, ਰਾਜ ਵਿੱਚ 2,37,406 ਆਸ਼ਰਿਤ ਅਤੇ ਅਨਾਥ ਬੱਚੇ ਨਿਯਮਤ ਵਿੱਤੀ ਸਹਾਇਤਾ ਪ੍ਰਾਪਤ ਕਰ ਰਹੇ ਹਨ ਤਾਂ ਜੋ ਇਹ ਬੱਚੇ ਸਿੱਖਿਆ ਪ੍ਰਾਪਤ ਕਰ ਸਕਣ, ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਹੋ ਸਕਣ ਅਤੇ ਸਵੈ-ਨਿਰਭਰ ਜੀਵਨ ਵੱਲ ਅੱਗੇ ਵਧ ਸਕਣ। ਡਾ. ਬਲਜੀਤ ਕੌਰ ਨੇ ਕਿਹਾ ਕਿ ਆਸ਼ਰਿਤ ਅਤੇ ਅਨਾਥ ਬੱਚੇ ਸਿਰਫ਼ ਸਰਕਾਰੀ ਅੰਕੜੇ ਨਹੀਂ ਹਨ, ਸਗੋਂ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹਨ। ਉਨ੍ਹਾਂ ਅੱਗੇ ਕਿਹਾ ਕਿ ਮਾਨ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਕੋਈ ਵੀ ਬੱਚਾ ਮਜਬੂਰੀ, ਅਣਗਹਿਲੀ ਜਾਂ ਵਿੱਤੀ ਰੁਕਾਵਟਾਂ ਕਾਰਨ ਆਪਣੀ ਸਿੱਖਿਆ ਅਤੇ ਸੁਪਨਿਆਂ ਤੋਂ ਵਾਂਝਾ ਨਾ ਰਹੇ। ਪੰਜਾਬ ਸਰਕਾਰ ਸੰਵੇਦਨਸ਼ੀਲਤਾ ਅਤੇ ਜ਼ਿੰਮੇਵਾਰੀ ਨਾਲ ਹਰ ਅਜਿਹੇ ਬੱਚੇ ਦੇ ਨਾਲ ਖੜ੍ਹੀ ਹੈ।ਕੈਬਨਿਟ ਮੰਤਰੀ ਨੇ ਅੱਗੇ ਕਿਹਾ ਕਿ ਇਸ ਸਕੀਮ ਦਾ ਲਾਭ 21 ਸਾਲ ਤੋਂ ਘੱਟ ਉਮਰ ਦੇ ਉਹ ਬੱਚੇ ਲੈ ਸਕਦੇ ਹਨ, ਜਿਨ੍ਹਾਂ ਦੇ ਮਾਪਿਆਂ ਦਾ ਜਾਂ ਤਾਂ ਦੇਹਾਂਤ ਹੋ ਗਿਆ ਹੈ, ਘਰ ਤੋਂ ਦੂਰ ਹਨ, ਜਾਂ ਸਰੀਰਕ ਜਾਂ ਮਾਨਸਿਕ ਅਪੰਗਤਾ ਕਾਰਨ ਪਰਿਵਾਰ ਦੀ ਦੇਖਭਾਲ ਕਰਨ ਵਿੱਚ ਅਸਮਰੱਥ ਹਨ। ਡਾ. ਬਲਜੀਤ ਕੌਰ ਨੇ ਕਿਹਾ ਕਿ ਮਾਨ ਸਰਕਾਰ ਦੀ ਇਹ ਪਹਿਲਕਦਮੀ ਵਿੱਤੀ ਸਹਾਇਤਾ ਤੱਕ ਸੀਮਤ ਨਹੀਂ ਹੈ, ਸਗੋਂ ਸੂਬੇ ਦੇ ਹਰ ਬੱਚੇ ਲਈ ਸੁਰੱਖਿਅਤ, ਸਨਮਾਨਜਨਕ ਅਤੇ ਉੱਜਵਲ ਭਵਿੱਖ ਨੂੰ ਯਕੀਨੀ ਬਣਾਉਣ ਲਈ ਇੱਕ ਸਪੱਸ਼ਟ ਅਤੇ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦੀ ਹੈ।