ਬਾਦਲ ਦਲ ਵਿਰੋਧੀ ਜੇ ਕਾਂਗਰਸ ਦੀ ''ਬੀ'' ਟੀਮ ਹਨ, ਤਾਂ ਆਰ ਐਸ ਐਸ ਨਾਲ ਸਾਂਝ ਰੱਖਣ ਵਾਲੇ ਬਾਦਲ ਦਲ ਨੂੰ ਕਿਹੜਾ ''ਲਕਬ'' ਦਿੱਤਾ ਜਾਵੇ?

ਬੀਤੇ ਦਿਨੀ ਬਰਗਾੜੀ ਮੋਰਚੇ ਵਾਲੀਆ ਜਥੇਬੰਦੀਆ ਵੱਲੋ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਾਨੀ ਤੇ ਸਰਪ੍ਰਸਤ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਬਾਦਲ ਜਿਲ•ਾ ਮੁਕਤਸਰ ਵਿਖੇ ਉਹਨਾਂ ਦੇ ਮਹੱਲ ਦਾ ਘਿਰਾਉ ਕਰਕੇ ਆਪਣੀ ਹੋਂਦ ਦਾ ਅਤੇ ਬਰਗਾੜੀ, ਬਹਿਬਲ ਕਲਾਂ ਤੇ ਕੇਟਕਪੂਰਾ ਕਾਂਡ ਪ੍ਰਤੀ ਰੋਸ ਦਾ ਪ੍ਰਗਟਾਵਾ ਕਰਨ ਸਮੇਂ ਆਪਸ ਵਿੱਚ ਗੁਥਮਗੁਥਾ ਹੋਣ ਨਾਲ ਜਿਥੇ ਇਹਨਾਂ 26 ਜਥੇਬੰਦੀਆ ਦੇ ਖੀਰ ਬਣਾ ਕੇ ਉੱਤੇ ਸੁਆਹ ਧੂੜ ਦਿੱਤੀ ਉਥੇ ਸ੍ਰ ਬਾਦਲ ਵੱਲੋ ਇਸ ਨੂੰ ਆਪਣਾ ਰੱਟੇ ਰੱਟਾਏ ਬਿਆਨ ਅਨੁਸਾਰ ਕਾਂਗਰਸ ਦੀ ਬੀ ਟੀਮ ਦੱਸਿਆ। ਸਿਆਸੀ ਪੰਡਤਾਂ ਦਾ ਤਰਕ ਹੈ ਕਿ ਸ੍ਰ ਬਾਦਲ ਨੇ ਕਦੇ ਵੀ ਇਹ ਨਹੀ ਦੱਸਿਆ ਕਿ ਪੰਥ ਵਿਰੋਧੀ ਜਥੇਬੰਦੀ ਆਰ ਐਸ ਐਸ ਨਾਲ ਸਬੰਧ ਰੱਖਣ ਤੇ ਭਾਰਤੀ ਜਨਤਾ ਪਾਰਟੀ ਨਾਲ ਬਾਦਲ ਦਲ ਦਾ ਪਤੀ ਪਤਨੀ ਵਾਲਾ ਰਿਸ਼ਤਾ ਰੱਖਣ ਵਾਲੇ ਕਿਹੜੀ ਟੀਮ ਦੇ ਮੈਂਬਰ ਹਨ ਪਰ ਇਹ ਸਪੱਸ਼ਟ ਹੈ ਕਿ ਅਜਿਹੀ ਪਾਰਟੀ ਪੰਥਕ ਨਹੀ ਹੋ ਸਕਦੀ। ਬਰਗਾੜੀ ਮੋਰਚੇ ਵਾਲੀਆ ਜਥੇਬੰਦੀਆ ਵਿੱਚ ਉਸ ਵੇਲੇ ਤੋ ਆਪਸੀ ਖਿੱਚੋਤਾਣ ਵੱਧ ਗਈ ਸੀ ਜਦੋ ਭਾਈ ਧਿਆਨ ਸਿੰਘ ਮੰਡ ਨੇ ਆਪਣੇ ਆਪ ਹੀ ਮੋਰਚਾ ਖਤਮ ਕਰਨ ਦਾ ਐਲਾਨ ਕਰ ਦਿੱਤਾ ਜਦ ਕਿ ਸੰਗਤ ਇਹ ਚਾਹੁੰਦੀ ਸੀ ਕਿ ਮੋਰਚਾ ਉਸ ਵੇਲੇ ਤੱਕ ਖਤਮ ਨਾ ਕੀਤਾ ਜਾਵੇ ਜਦੋ ਤੱਕ ਰੱਖੀਆ ਮੰਗਾਂ ਸਰਕਾਰ ਪ੍ਰਵਾਨ ਨਹੀ ਕਰ ਲੈਦੀ। ਇਹ ਵੀ ਚਰਚਾ ਚੱਲਣ ਪਈ ਕਿ ਬਾਦਲ ਵੱਲੋ ਆਪੇ ਹੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗਣ ਤੇ ਖਿਮਾ ਯਾਚਨਾ ਕਰਨ ਦੇ ਕੀਤੇ ਡਰਾਮੇ ਤੋ ਬਾਅਦ ਮੋਰਚਾ ਖਤਮ ਕਰਨਾ ਵੀ ਬਾਦਲਾਂ ਨਾਲ ਮਿਲੀ ਭੁਗਤ ਦਾ ਸ਼ੱਕ ਪ੍ਰਗਟ ਕਰਦਾ ਹੈ। ਕੈਪਟਨ ਸਰਕਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮੋਰਚਾ ਲਗਵਾਉਣ ਤੋ ਬਾਅਦ ਵੀ ਸਰਕਾਰ ਦੇ ਮੰਤਰੀਆ ਦਾ ਆਉਣਾ ਜਾਣਾ ਮੋਰਚੇ ਵਿੱਚ ਬਣਿਆ ਰਿਹਾ ਤੇ ਜਿਸ ਦਿਨ ਮੋਰਚਾ ਖਤਮ ਕੀਤਾ ਗਿਆ ਤਾਂ ਉਸ ਦਿਨ ਵੀ ਸਰਕਾਰ ਦੇ ਦੋ ਮੰਤਰੀ ਤੇ ਪੰਜ ਵਿਧਾਇਕ ਵਿਸ਼ੇਸ਼ ਤੌਰ 'ਤੇ ਮੋਰਚੇ ਵਿੱਚ ਪੁੱਜੇ ਸਨ। ਕੁਝ ਸਿਆਸੀ ਤਜਰਬੇਕਾਰਾਂ ਦਾ ਮੰਨਣਾ ਹੈ ਕਿ ਮੋਰਚਾ ਕੈਪਟਨ- ਬਾਦਲ ਜੁੰਡਲੀ ਦੀ ਰਜ਼ਾਮੰਦਗੀ ਨਾਲ ਹੀ ਖਤਮ ਕੀਤਾ ਗਿਆ। ਸ੍ਰ ਬਾਦਲ ਤੇ ਵਿਸ਼ੇਸ਼ ਕਰਕੇ ਸ੍ਰ ਬਿਕਰਮ ਸਿੰਘ ਮਜੀਠੀਆ ਜਿਸ ਦੇ ਦਾਦਾ ਸ੍ਰ ਸੁਰਜੀਤ ਸਿੰਘ ਮਜੀਠੀਆ ਨਹਿਰੂ ਦੀ ਕਾਂਗਰਸ ਸਰਕਾਰ ਵਿੱਚ ਮੰਤਰੀ ਵੀ ਰਹੇ ਤ ਕਾਂਗਰਸ ਦੀ ਨਜ਼ਰੇ ਅਨਾਇਤ ਨਾਲ ਨੇਪਾਲ ਦੇ ਅੰਬੈਸਡਰ ਵੀ ਰਹੇ ਉਹ ਅੱਜ ਉਸ ਧਿਆਨ ਸਿੰਘ ਮੰਡ ਨੂੰ ਕਾਂਗਰਸ ਦੀ ਬੀ ਟੀਮ ਦੱਸ ਰਿਹਾ ਹੈ ਜਿਸ ਦੇ ਤਿੰਨ ਭਰਾ ਕਾਂਗਰਸ ਨੇ ਅੱਤਵਾਦੀ( ਖਾੜਕੂ) ਗਰਦਾਨ ਕੇ ਮਾਰ ਦਿੱਤੇ। ਉਜੜਿਆ ਬਾਗਾਂ ਦੇ ਗਾਹਲੜ ਪਟਵਾਰੀ ਵਾਲੀ ਕਹਾਵਤ ਅਨੁਸਾਰ ਅੱਜ ਨਸ਼ੇ ਦੇ ਤਸਕਰ ਪੰਥਕ ਧਿਰਾਂ ਨੂੰ ਕਾਂਗਰਸ ਦੀ ਬੀ ਟੀਮ ਦੱਸ ਰਹੇ ਹਨ। ਸ੍ਰ ਪ੍ਰਕਾਸ਼ ਸਿੰਘ ਬਾਦਲ ਇੱਕ ਸਥਾਪਤ ਨੇਤਾ ਹਨ ਤੇ ਉਹਨਾਂ ਨੇ ਆਪਣੀ 60 ਸਾਲਾਂ ਦੀ ਸਿਆਸਤ ਵਿੱਚ ਕਦੇ ਵੀ ਪਛਾੜ ਨਹੀ ਖਾਂਧੀ ਤੇ ਜਦੋਂ ਕਦੇ ਅਜਿਹਾ ਮੌਕਾ ਆਇਆ ਵੀ ਤਾਂ ਉਸ ਵੇਲੇ ਉਸ ਡੱਡੂ ਵਾਂਗ ਜੇਠ ਹਾੜ ਦੀ ਤਪਸ ਤੋ ਬੱਚਣ ਲਈ ਧਰਤੀ ਦੀ ਥੱਲੇ ਦੀ ਤਹਿ ਵਿੱਚ ਬੈਠ ਗਏ। ਜਿਹੜਾ ਜੇਠ ਹਾੜ• ਦੇ ਦਿਨਾਂ ਵਿੱਚ ਤਾਂ ਆਪਣਾ ਬਚਾ ਕਰ ਲੈਦਾ ਤੇ ਫਿਰ ਜਦੋ ਸਾਉਣ ਵਿੱਚ ਬਰਸਾਤ ਹੁੰਦੀ ਹੈ ਤਾਂ ਉਹੀ ਡੱਡੂ ਜਿਹੜੀ ਗੜੇਂ ਗੜੇਂ ਦੀ ਅਵਾਜ ਕੱਢਦਾ ਹੈ ਉਹ ਵੀ ਵੇਖਣ ਤੇ ਸੁਨਣ ਵਾਲੀ ਹੁੰਦੀ ਹੈ ਅਤੇ ਸ੍ਰ ਬਾਦਲ ਕੋਲੋ ਅਜਿਹੀ ਹੀ ਇੱਕ ਕਲਾ ਹੈ । ਸ੍ਰ ਬਾਦਲ ਨੇ ਆਪਣੇ ਵਿਰੋਥੀ ਨੂੰ ਵੀ ਹਮੇਸ਼ਾਂ ਵਿਰੋਧ ਕਰਕੇ ਨਹੀ ਸਗੋ ਕੱਛ ਵਿੱਚ ਲੈ ਕੇ ਸਿਆਸੀ ਤੌਰ ਤੇ ਖਤਮ ਕੀਤਾ ਹੈ ਜਿਹਨਾਂ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋ ਇਲਾਵਾ ਸ੍ਰ ਕੁਲਦੀਪ ਸਿੰਘ ਵਡਾਲਾ, ਰਵੀ ਇੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ ਆਦਿ ਦੇ ਨਾਮ ਵਿਸ਼ੇਸ਼ ਤੌਰ 'ਤੇ ਵਰਨਯੋਗ ਹਨ। ਸ੍ਰ ਬਾਦਲ ਨੇ ਆਪਣੇ ਸਮੇਂ ਵਿੱਚ ਕਦੇ ਵੀ ਆਪਣੇ ਕੱਦ ਬੁੱਤ ਦਾ ਨੇਤਾ ਪੈਦਾ ਹੀ ਨਹੀ ਹੋਣ ਦਿੱਤਾ। ਇੱਕ ਵਾਰੀ ਤਾਂ ਜਥੇਦਾਰ ਗੁਰਚਰਨ ਸਿੰਘ ਟੌਹੜਾ ਜਿਹਨਾਂ ਬਾਰੇ ਕਿਹਾ ਜਾਂਦਾ ਸੀ ਕਿ ਉਹ ਸ੍ਰ ਬਾਦਲ ਦੇ ਕੱਦ ਬੁੱਤ ਦੇ ਨੇਤਾ ਹੀ ਨਹੀ ਸਗੋ ਬਾਦਲ ਵਰਗੇ ਕਈ ਹੋਰ ਨੇਤਾਵਾਂ ਦੇ ਵੀ ਨੇਤਾ ਹਨ। ਸ੍ਰ ਬਾਦਲ ਨੇ ਉਹਨਾਂ ਨੂੰ ਵੀ ਝਟਕਾ ਦਿੰਦਿਆ ਪਹਿਲਾਂ 1996 ਵਿੱਚ ਹੋਈਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆ ਚੋਣਾਂ ਵਿੱਚ ਸਿਰਫ 170 ਵਿੱਚੋ 50 ਟਿਕਟਾਂ ਹੀ ਦਿੱਤੀਆ ਅਤੇ ਨਾਲ ਹੀ ਇਹ ਵੀ ਐਲਾਨ ਕਰ ਦਿੱਤਾ ਕਿ ਅਗਲੇ ਪ੍ਰਧਾਨ ਵੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਹੀ ਹੋਣਗੇ। ਉਸ ਸਮੇਂ ਜਥੇਦਾਰ ਟੌਹੜਾ ਨੇ ਆਪਣੇ ਸਾਥੀਆ ਨੂੰ ਕਿਹਾ ਸੀ ਕਿ ਤਿਆਰ ਰਹੋ ਭਾਈ ਸਾਰੇ, ਕਿਉਕਿ ਬਾਦਲ ਆਪਣੀ ਆਈ ਤੇ ਆ ਗਿਆ ਹੈ ਤੇ ਕਿਸੇ ਵੇਲੇ ਵੀ ਠਿੱਬੀ ਮਾਰ ਸਕਦਾ ਹੈ। ਜਥੇਦਾਰ ਟੌਹੜਾ ਬੜੇ ਦੂਰਅੰਦੇਸ਼ ਸਨ ਤੇ ਉਹਨਾਂ ਦੁਆਰਾ ਜ਼ਾਹਿਰ ਕੀਤੀ ਚਿੰਤਾ ਉਸ ਵੇਲੇ ਸੱਚ ਸਾਬਤ ਹੋਈ ਜਦੋਂ 1997 ਵਿੱਚ ਹੋਈਆ ਵਿਧਾਨ ਸਭਾ ਵਿੱਚ ਚਾਰ ਤਿਹਾਈ ਬਹੁਮਤ ਲੈ ਕੇ ਅਕਾਲੀ ਭਾਜਪਾ ਗਠੋਜੜ ਨੇ ਜਿੱਤ ਦੇ ਝੰਡੇ ਬੁਲੰਦ ਕੀਤੇ ਸਨ ਪਰ 1998 ਵਿੱਚ ਕਰੀਬ ਇੱਕ ਸਾਲ ਬਾਅਦ ਹੀ ਆਦਮਪੁਰ ਦੀ ਹੋਈ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਹਾਰ ਗਿਆ ਤੇ ਕਾਂਗਰਸ ਦਾ ਉਮੀਦਵਾਰ ਕੰਵਲਜੀਤ ਸਿੰਘ ਲਾਲੀ ਪੰਜ ਵੋਟਾਂ ਦੇ ਫਰਕ ਨਾਲ ਜਿੱਤ ਗਿਆ। ਇਸ ਤੋ ਬਾਅਦ ਜਥੇਦਾਰ ਟੌਹੜਾ ਨੇ ਸਿਰਫ ਇੱਕ ਪੰਜਾਬੀ ਅਖਬਾਰ ਵਿੱਚ ਬਿਆਨ ਦਿੱਤਾ ਕਿ ਇਹ ਹਾਰ ਇਸ ਕਰਕੇ ਹੋਈ ਹੈ ਕਿਉਕਿ ਸ੍ਰ ਬਾਦਲ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਦੇ ਦੋ ਆਹੁਦਿਆ ਤੇ ਇਕੱਠੇ ਕੰਮ ਕਰਦੇ ਹਨ ਤੇ ਸ੍ਰ ਬਾਦਲ ਅਕਾਲੀ ਦਲ ਦੇ ਕੰਮਾਂ ਵੱਲ ਲੋੜੀਦਾ ਧਿਆਨ ਨਹੀ ਦੇ ਸਕਦੇ, ਇਸ ਲਈ ਸ੍ਰ ਬਾਦਲ ਨੂੰ ਚਾਹੀਦਾ ਹੈ ਕਿ ਉਹ ਆਪਣੇ ਕਿਸੇ ਵਿਸ਼ਵਾਸ਼ ਪਾਤਰ ਨੂੰ ਜਿਹਨਾਂ ਵਿੱਚ ਗੁਰਦੇਵ ਸਿੰਘ ਬਾਦਲ ਵੀ ਸ਼ਾਮਲ ਹਨ ਨੂੰ ਦਲ ਦੇ ਕਾਰਜਕਾਰੀ ਪ੍ਰਧਾਨ ਥਾਪ ਦੇਣ ਤਾਂ ਕਿ ਕੰਮ ਸੁਚਾਰੂ ਢੰਗ ਨਾਲ ਚਲਾਇਆ ਦਾ ਸਕੇ। ਸ੍ਰ ਬਾਦਲ ਨੇ ਇਸ ਨੂੰ ਬਹਾਨਾ ਬਣਾ ਕੇ ਇੰਨਾ ਗੁੱਸਾ ਮਨਾਇਆ ਕਿ ਪਹਿਲਾਂ ਉਹਨਾਂ ਨੇ ਟੌਹੜਾ ਸਮੱਰਥਕ ਤੇ ਬਾਦਲ ਨੂੰ ਅੱਖਾਂ ਵਿਖਾਉਣ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ 10 ਫਰਵਰੀ 1999 ਨੂੰ ਲਾਂਭੇ ਕਰ ਦਿੱਤਾ ਤੇ ਫਿਰ 17 ਮਾਰਚ 1999 ਨੂੰ ਜਥੇਦਾਰ ਟੌਹੜਾ ਨੂੰ ਅਸਤੀਫਾ ਦੇ ਦੇਣ ਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਦਾ ਜਨਰਲ ਅਜਲਾਸ ਬੁਲਾ ਕੇ ਜ਼ਲੀਲ ਕਰਕੇ ਪ੍ਰਧਾਨਗੀ ਪਦ ਤੋ ਲਾਹਿਆ ਗਿਆ। ਜਥੇਦਾਰ ਟੌਹੜਾ ਨੂੰ ਲਾਂਭੇ ਕਰਨ ਤੋ ਬਾਅਦ ਬਾਦਲ ਨੂੰ ਆਪਣੇ ਬਾਦਲ ਦਲ ਵਿੱਚ ਜਥੇਦਾਰ ਟੌਹੜਾ ਦੇ ਕੱਦ ਬੁੱਤ ਦਾ ਕੋਈ ਬੰਦਾ ਨਹੀ ਲੱਭਾ ਤੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਇਥੋ ਹੀ ਸ਼੍ਰੋਮਣੀ ਕਮੇਟੀ ਵਿੱਚ ਗਿਰਾਵਟ ਸ਼ੁਰੂ ਹੋਈ ਜੋ ਅੱਜ ਵੀ ਲਗਾਤਾਰ ਜਾਰੀ ਹੈ। ਇਸ ਸਮੇਂ ਵੀ ਬਾਦਲ ਨੇ ਜਥੇਦਾਰ ਟੌਹੜਾ ਵਰਗੇ ਪੰਥਕ ਵਿਅਕਤੀ ਨੂੰ ਵੀ ਕਾਂਗਰਸ ਦੀ ਬੀ ਟੀਮ ਦਾ ਲਕਬ ਦਿੱਤਾ ਸੀ। ਸ੍ਰ ਪਰਕਾਸ਼ ਸਿੰਘ ਬਾਦਲ ਨੂੰ ਇਹ ਭਲੀਭਾਂਤ ਜਾਣਕਾਰੀ ਹੈ ਕਿ ਕਿਸੇ ਵੀ ਪੰਥਕ ਵਿਰੋਧੀ ਧਿਰ ਕੋਲ ਕੋਈ ਵੀ ਅਜਿਹਾ ਆਗੂ ਨਹੀ ਜਿਹੜਾ ਉਹਨਾਂ ਦੀ ਬਰਾਬਰਤਾ ਤੇ ਮੁਕਾਬਲਾ ਕਰ ਸਕੇ ਜਿਸ ਕਰਕੇ ਕਦੇ ਵੀ ਸ੍ਰ ਬਾਦਲ ਨੇ ਵਿਰੋਧੀਆ ਦੀਆ ਗਤੀਵਿਧੀਆ ਨੂੰ ਗੰਭੀਰ ਤੌਰ 'ਤੇ ਨਹੀ ਲਿਆ ਸਗੋ ਮਜ਼ਾਕੀਆ ਲਹਿਜੇ ਵਿੱਚ ਹੀ ਲਿਆ ਹੈ। ਵੈਸੇ ਵੀ ਬਾਦਲ ਦਾ ਵਿਰੋਧ ਕਰਨ ਵਾਲੇ ਡੱਡੂਆਂ ਦੀ ਪੰਸੇਰੀ ਹਨ ਤੇ ਇਹਨਾਂ ਲਈ ਇਕੱਠੇ ਹੋ ਕੇ ਚੱਲਣਾ ਔਖਾ ਨਹੀ ਸਗੋ ਆਸੰਭਵ ਵੀ ਹੈ। ਸ੍ਰ ਬਾਦਲ ਇੰਨਾ ਜਰੂਰ ਕਹਿ ਦਿੰਦੇ ਹਨ ਕਿ ਨਵੰਬਰ 1984 ਦੇ ਦੋ ਜੂਨ ਤੇ ਨਵੰਬਰ ਦੇ ਕਾਂਡ ਕਰਕੇ ਸਿੱਖਾਂ ਨੂੰ ਬਰਬਾਦ ਕਰਨ ਵਾਲੀ ਕਾਂਗਰਸ ਦਾ ਇਹ ਧੜਾ ਬੀ ਟੀਮ ਹੈ। ਇਸੇ ਤਰ•ਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਤੇ ਬਾਦਲ ਸਾਹਿਬ ਦੇ ਨਜਦੀਕੀ ਰਿਸ਼ਤੇਦਾਰ ਸ੍ਰ ਰਵੀਇੰਦਰ ਸਿੰਘ ਨੇ ਵੀ ਜਦੋਂ ਆਪਣਾ ਵੱਖਰਾ ਅਕਾਲੀ ਦਲ 1920 ਖੜਾ ਕਰ ਲਿਆ ਤਾਂ ਉਸ ਵੇਲੇ ਵੀ ਬਾਦਲ ਨੇ ਇਸ ਨੂੰ ਵੀ ਕਾਂਗਰਸ ਦੀ ਬੀ ਟੀਮ ਵਜੋ ਗਰਦਾਨ ਕੇ ਆਪਣਾ ਮਨ ਦਾ ਬੋਝ ਹਲਕਾ ਕਰ ਲਿਆ ਸੀ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁੱਖੀ ਤੇ ਕਿਸੇ ਵੇਲੇ ਸ੍ਰ ਪਰਕਾਸ਼ ਸਿੰਘ ਬਾਦਲ ਦੇ ਪਰਛਾਵੇਂ ਵਾਂਗ ਨਾਲ ਰਹੇ ਸ੍ਰ ਰਣਜੀਤ ਸਿੰਘ ਬ੍ਰਹਮਪੁਰਾ ਜਦੋ ਅਲੱਗ ਹੋ ਗਏ ਤਾਂ ਉਸ ਨੂੰ ਵੀ ਸ੍ਰ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਏ ਨੇ ਕਾਂਗਰਸ ਦੀ ਬੀ ਟੀਮ ਗਰਦਾਨ ਦਿੱਤਾ ਜਦ ਕਿ ਅਜਨਾਲੇ ਤੋ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਨੇ ਬਿਕਰਮ ਮਜੀਠੀਏ ਬਾਰੇ ਇਥੋ ਤੱਕ ਕਹਿ ਦਿੱਤਾ ਕਿ ਅੰਗਰੇਜਾਂ ਦੇ ਟਾਊਟ ਤੇ ਕਾਂਗਰਸ ਦੇ ਕਰਿੰਦੇ ਟਕਸਾਲੀ ਅਕਾਲੀਆ ਨੂੰ ਜੇਕਰ ਕਾਂਗਰਸ ਦੀ ਬੀ ਟੀਮ ਦੱਸਦੇ ਹਨ ਤਾਂ ਜਨਰਲ ਡਾਇਰ ਨੇ ਜਲਿ•ਆਵਾਲੇ ਬਾਗ ਦੇ ਖੂਨੀ ਸਾਕੇ ਨੂੰ ਅੰਜਾਮ ਦੇ ਕੇ ਜਿਹਨਾਂ ਦੇ ਘਰ ਪੁੱਜ ਕੇ ਰਾਤ ਦਾ ਸ਼ਾਹੀ ਖਾਣਾ ਹੀ ਨਹੀ ਛੱਕਿਆ ਸੀ ਸਗੋ ਮਰਗ ਮੁਸੱਲਮ ਤੇ ਵਿਦੇਸ਼ੀ ਵਿਸਕੀ ਦਾ ਵੀ ਅਨੰਦ ਉਸ ਵੇਲੇ ਮਾਣਿਆ ਸੀ ਜਦੋ ਜਲਿ•ਆਵਾਲੇ ਬਾਗ ਦੀ ਜਖਮੀ ਕਰਾਹ ਰਹਿ ਸਨ ਤੇ ਮ੍ਰਿਤਕਾਂ ਦੇ ਪਰਿਵਾਰ ਵਿਰਲਾਪ ਕਰ ਰਹੇ ਸਨ। ਕੀ ਇਹ ਲੋਕ ਕਦੇ ਪੰਥਕ ਹੋ ਸਕਦੇ ਹਨ? ਸ੍ਰ ਬੋਨੀ ਨੇ ਕਿਹਾ ਕਿ ਫਸਲੀ ਬਟੇਰੇ ਬਿਕਰਮ ਸਿੰਘ ਮਜੀਠੀਏ ਦੀ ਔਕਾਤ ਸਿਰਫ ਇੰਨੀ ਹੀ ਹੈ ਕਿ ਸੁਖਬੀਰ ਸਿੰਘ ਬਾਦਲ ਨਾਲ ਉਸ ਦੀ ਭੈਣ ਵਿਆਹੀ ਹੈ। ਦਸ ਸਾਲ ਸ੍ਰ ਬਾਦਲ ਨੇ ਪੰਜਾਬ ਵਿੱਚ ਅਕਾਲੀ ਸਰਕਾਰ ਚਲਾਈ ਪਰ ਕਿਸੇ ਇੱਕ ਵੀ ਮੁੱਦੇ 'ਤੇ ਵਿਰੋਧੀ ਦਲ ਉਹਨਾਂ ਨੂੰ ਘੇਰ ਨਹੀ ਸਕੇ , ਸਗੋ ਉਹਨਾਂ ਨੂੰ ਕੋਲੋ ਬਹਿਬਲ ਕਲਾਂ ਤੇ ਕੋਟਕਪੂਰਾ ਦੀ ਗਲਤੀ ਹੋਣੀ ਸੀ ਜਿਸ ਜਾ ਬਹਾਨਾ ਬਰਗਾੜੀ ਕਾਂਡ ਨੇ ਬਨਣਾ ਸੀ ਤੇ ਬਾਦਲਾਂ ਨੂੰ ਸੱਤਾ ਵਿੱਚੋ ਬਾਹਰ ਹੋਣਾ ਪੈਣਾ ਸੀ। ਅਸਲ ਵਿੱਚ ਇਹਨਾਂ ਕਾਂਡਾ ਕਰਕੇ ਬਾਦਲ ਸੱਤਾ ਵਿੱਚੋ ਲਾਂਭੇ ਨਹੀ ਹੋਏ ਸਗੋ ਉਹਨਾਂ ਦਾ ਮੁੱਖ ਕਾਰਨ ਤਾਂ ਦਸ ਸਾਲ ਸਰਕਾਰ ਦੀ ਜਨਤਕ ਵਿਰੋਧਤਾ ਸੀ। ਲੋਕ ਦੁੱਖੀ ਸਨ । ਜੇਕਰ ਇਹਨਾਂ ਘਟਨਾਵਾਂ ਦੇ ਵਿਰੋਧ ਦਾ ਅਸਰ ਹੁੰਦਾ ਤਾਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਕਦੇ ਵੀ ਚੋਣ ਨਾ ਜਿੱਤਦੇ। ਸਿਆਸਤ ਦਾ ਅਸੂਲ ਹੈ ਜਿਸ ਵਿਅਕਤੀ ਨੂੰ ਲੀਡਰ ਬਣਾਉਣਾ ਹੈ ਉਸ ਦਾ ਜੰਮ ਕੇ ਸਿਆਸੀ ਵਿਰੋਧ ਕੀਤਾ ਜਾਵੇ ਤਾਂ ਕਿ ਜਨਤਕ ਤੌਰ 'ਤੇ ਉਸ ਦੀ ਪਛਾਣ ਹੋ ਸਕੇ। ਕੈਪਟਨ ਤੇ ਬਾਦਲ ਵੀ ਇਹੋ ਕੁਝ ਹੀ ਕਰਦੇ ਹਨ। ਸ੍ਰ ਪਰਕਾਸ਼ ਸਿੰਘ ਬਾਦਲ ਆਰ ਐਸ ਐਸ ਦੇ ਸਾਬਕਾ ਮੁੱਖੀ ਸੁਦਰਸ਼ਨ ਦੇ ਪੈਰੀ ਹੱਥ ਲਾ ਕੇ ਉਹਨਾਂ ਦਾ ਸੁਆਗਤ ਕਰਦੇ ਹਨ ਤੇ ਆਰ ਐਸ ਐਸ ਦੇ ਰਾਜਸੀ ਵਿੰਗ ਭਾਰਤੀ ਜਨਤਾ ਪਾਰਟੀ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਹੀ ਨਹੀ ਦੱਸਦੇ ਸਗੋ ਇਸ ਨੂੰ ਅਟੁੱਟ ਰਿਸ਼ਤਾ ਗਰਦਾਨਦੇ ਹਨ। ਸ੍ਰ ਬਾਦਲ ਵਿਰੋਧੀਆ ਨੂੰ ਪਾਣੀ ਪੀ ਪੀ ਕੇ ਤਾਂ ਕੋਸਦੇ ਹੀ ਹਨ ਅਤੇ ਜਿਸ ਕਾਂਗਰਸ ਨੂੰ ਸਿੱਖਾਂ ਦੀ ਵੱਡੀ ਦੁਸ਼ਮਣ ਮੰਨਦੇ ਹਨ ਉਸ ਕਾਂਗਰਸੀ ਪਰਿਵਾਰਾਂ ਵਿੱਚ ਆਪਣੇ ਲੜਕੇ ਕੇ ਲੜਕੀ ਦੇ ਰਿਸ਼ਤੇ ਕਰਦੇ ਹਨ। ਕਾਂਗਰਸ ਦੀ ਟਿਕਟ ਤੇ ਪਹਿਲੀ ਵਾਰੀ 1957 ਵਿੱਚ ਚੋਣ ਲੜ ਕੇ ਵਿਧਾਇਕ ਵੀ ਸ੍ਰ ਬਾਦਲ ਬਣੇ। ਅਕਾਲੀ ਸਰਕਾਰ ਵੇਲੇ ਕੇਂਦਰ ਮੰਤਰੀਆ ਨੂੰ ਦਿੱਲੀ ਜਾ ਕੇ ਸ੍ਰ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀਆਂ ਬੁੱਕੇ ਦਿੰਦਿਆ ਦੀਆ ਤਸਵੀਰਾਂ ਵੀ ਅਖਬਾਰਾਂ ਦੀਆ ਸੁਰਖੀਆ ਬਣਦੀਆ ਰਹੀਆ ਹਨ। 1992 ਵਿੱਚ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਤੇ ਤੱਤਕਾਲੀ ਡੀ ਜੀ ਪੀ ਕੇ ਪੀ ਐਸ ਗਿੱਲ ਨਾਲ ਰਾਤ ਦੇ ਹਨੇਰਿਆਂ ਵਿੱਚ ਮੀਟਿੰਗਾਂ ਕਰਕੇ ਸਿੱਖ ਨੌਜਵਾਨਾਂ ਦਾ ਘਾਣ ਕਰਵਾਉਣਾ ਕੀ ਪੰਥਕ ਧਿਰਾਂ ਦਾ ਕੰਮ ਹੋ ਸਕਦਾ ਹੈ? 1970 ਵਿੱਚ ਬਾਦਲ ਜਦੋ ਪਹਿਲੀ ਵਾਰੀ ਮੁੱਖ ਮੰਤਰੀ ਬਣੇ ਤਾਂ ਉਹਨਾਂ ਨੇ 80 ਸਾਲ ਦਾ ਬਜ਼ੁਰਗ ਬਾਬਾ ਬੂਝਾ ਸਿੰਘ ਤੇ ਇੱਕ ਬਾਰਵੀ ਕਲਾਸ ਦੇ ਵਿਦਿਆਰਥੀ ਨੂੰ ਝੂਠੇ ਪੁਲੀਸ ਵਿੱਚ ਨਕਸਲਾਈਟ ਕਹਿ ਕੇ ਮਰਵਾਇਆ। ਇਸੇ ਤਰ੍ਵਾ ਜਿਹਨਾਂ ਨਿਰਦੋਸ਼ ਨੌਜਵਾਨਾਂ ਨੂੰ ਮਰਵਾਇਆ ਉਹਨਾਂ ਦੀ ਗਿਣਤੀ ਕਰਨੀ ਵੀ ਮੁਸ਼ਕਲ ਹੈ। ਮੋਗਾ ਦੇ ਰੀਜੈਂਟ ਸਿਨੇਮੇ ਦੇ ਮੋਰਚੇ ਸਮੇਂ ਪੁਲੀਸ ਦੇ ਗੋਲੀ ਨਾਲ ਮਾਰੇ ਗਏ ਹਰਜੀਤ ਸਿੰਘ ਚੜਿਕ ਦੇ ਹੋਏ ਕਤਲ ਉਪਰੰਤ ਉਸ ਤੇ ਭੋਗ ਸਮਾਗਮ ਵਿੱਚ ਜਾ ਕੇ ਬਾਦਲ ਨੇ ਐਲਾਨ ਕੀਤਾ ਸੀ ਕਿ ਅਕਾਲੀ ਸਰਕਾਰ ਬਨਣ ਤੇ ਦੋਸ਼ੀ ਪੁਲੀਸ ਕਰਮਚਾਰੀਆ ਤੇ ਅਧਿਕਾਰੀਆ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਕੇ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇਗਾ ਪਰ ਹੋਇਆ ਪੂਰੀ ਤਰ੍ਵਾ ਇਸ ਦੇ ਉਲਟ ਕਿਉਕਿ ਗਿਆਨੀ ਜੈਲ• ਸਿੰਘ ਦੀ ਸਰਕਾਰ ਨੇ ਗੋਲੀ ਮਾਰਨ ਵਾਲੇ ਦਰਸ਼ਨਜੀਤ ਸਿੰਘ ਪੁਲੀਸ ਇੰਸਪੈਕਟਰ ਦਾ ਕਤਲ ਮੁਆਫ ਕੀਤਾ ਤੇ ਅਕਾਲੀ ਸਰਕਾਰ ਬਨਣ ਤੇ ਬਾਦਲ ਨੇ ਮੁੱਖ ਮੰਤਰੀ ਬਣਦਿਆ ਹੀ ਉਸ ਕਾਤਲ ਇੰਸਪੈਕਟਰ ਦੇ ਖਿਲਾਫ ਕਾਰਵਾਈ ਤਾਂ ਕੀ ਕਰਨੀ ਸੀ ਉਲਟਾ ਉਸ ਨੂੰ ਸਾਬਾਸ਼ ਦੇ ਕੇ ਡੀ ਐਸ ਪੀ ਬਣਾ ਦਿੱਤਾ। ਇਥੇ ਹੀ ਬੱਸ ਨਹੀ 1992 ਵਿੱਚ ਬੇਅੰਤ ਸਿੰਘ ਦੀ ਸਰਕਾਰ ਸਮੇਂ ਸ੍ਰ ਬਾਦਲ ਵੱਖ ਵੱਖ ਸਟੇਜਾਂ ਤੋ ਐਲਾਨ ਕਰਦੇ ਰਹੇ ਕਿ ਅਕਾਲੀ ਸਰਕਾਰ ਬਨਣ ਤੇ ਸਿੱਖਾਂ ਦੀ ਇੱਕ ਨੰਬਰ ਦੁਸ਼ਮਣ ਜਮਾਤ ਕਾਂਗਰਸ ਦੇ ਇਸ਼ਾਰਿਆ ਤੇ ਸਿੱਖ ਨੌਜਵਾਨਾਂ ਦਾ ਘਾਣ ਕਰਨ ਵਾਲੇ ਪੁਲੀਸ ਅਧਿਕਾਰੀਆ ਨੂੰ ਬਖਸ਼ਿਆ ਨਹੀ ਜਾਵੇਗਾ ਤੇ ਇਕ ਕਮਿਸ਼ਨ ਬੁਲਾ ਕੇ ਝੂਠੇ ਪੁਲੀਸ ਮੁਕਾਬਲਿਆ ਦਾ ਜਾਂਚ ਕਰਵਾ ਕੇ ਦੋਸ਼ੀਆ ਵਿਰੁੱਧ ਕਾਰਵਾਈ ਕੀਤੀ ਜਾਵੇਗੀ। 1996 ਵਿੱਚ ਸ੍ਰ ਬਾਦਲ ਨੇ ਪੰਜਾਬ ਪੁਲੀਸ ਦੇ ਅਧਿਕਾਰੀਆ ਨਾਲ ਜਲੰਧਰ ਦੇ ਪੀ ਏ ਪੀ ਕੰਪਲੈਕਸ ਵਿੱਚ ਮੀਟਿੰਗ ਕਰਕੇ ਵਿਸ਼ਵਾਸ਼ ਦਿਵਾਇਆ ਕਿ ਅਕਾਲੀ ਸਰਕਾਰ ਦੇ ਹੋਂਦ ਵਿੱਚ ਆਉਣ ਉਪਰੰਤ ਕਿਸੇ ਵੀ ਪੁਲੀਸ ਵਾਲੇ ਦੇ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਜਾਵੇਗੀ। ਕਾਂਗਰਸ ਸਰਕਾਰ ਨੇ ਪੁਲੀਸ ਕੋਲੋ ਨੌਜਵਾਨਾਂ ਦਾ ਘਾਣ ਕਰਵਾਇਆ ਤੇ ਬਾਦਲ ਸਰਕਾਰ ਨੇ ਸਰਕਾਰੀ ਖਜ਼ਾਨੇ ਵਿੱਚੋ ਵਕੀਲਾਂ ਦੀਆ ਫੀਸਾਂ ਦੇ ਕੇ ਨੌਜਵਾਨਾਂ ਦਾ ਘਾਣ ਕਰਨ ਵਾਲੇ ਪੁਲੀਸ ਅਧਿਕਾਰੀਆ ਦੇ ਅਦਾਲਤਾਂ ਵਿੱਚ ਕੇਸ ਲੜੇ ਜਦ ਕਿ ਕਾਂਗਰਸ ਸਰਕਾਰ ਅਜਿਹੇ ਦੋਸ਼ੀ ਪੁਲੀਸ ਅਧਿਕਾਰੀ ਕੇਸ ਹੋਣ ਦੀ ਸੂਰਤ ਵਿੱਚ ਆਪਣੀ ਜੇਬ ਵਿੱਚੋ ਖਰਚ ਕਰਦੇ ਸਨ। ਅਕਾਲੀ ਦਲ ਦੇ ਮਨੁੱਖੀ ਅਧਿਕਾਰ ਵਿੰਗ ਦੇ ਚੇਅਰਮੈਨ ਸ੍ਰ ਜਸਵੰਤ ਸਿੰਘ ਖਾਲੜਾ ਦੇ ਕਾਤਲ ਅਫਸਰਾਂ ਦੇ ਕੇਸ ਵੀ ਬਾਦਲ ਸਰਕਾਰ ਨੇ ਸਰਕਾਰੀ ਖਜ਼ਾਨੇ ਵਿੱਚੋ ਵਕੀਲਾਂ ਦੀਆ ਫੀਸਾਂ ਦੇ ਕੇ ਲੜੇ। ਸ੍ਰ ਬਾਦਲ ਸਾਹਿਬ ਬਾਰੇ ਸੰਗਤਾਂ ਨੂੰ ਤਾਂ ਸਪੱਸ਼ਟ ਹੋ ਗਿਆ ਹੈ ਕਿ ਉਹ ਪੰਥ ਦੇ ਬੁਰਕੇ ਵਿੱਚ ਪੰਥ ਦੋਖੀ ਹਨ ਪਰ ਬਾਦਲਾਂ ਨੂੰ ਸਪੱਸ਼ਟ ਕਰਨਾ ਪਵੇਗਾ ਕਿ ਜੇਕਰ ਉਹਨਾਂ ਦੀਆਂ ਵਿਰੋਧੀ ਪੰਥਕ ਧਿਰਾਂ ਕਾਂਗਰਸ ਦੀ ਬੀ ਟੀਮ ਹਨ ਤਾਂ ਫਿਰ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸਣ ਤੇ ਸਿੱਖ ਸਿਧਾਂਤਾਂ ਤੇ ਮਰਿਆਦਾ ਦਾ ਘਾਣ ਕਰਨ ਵਾਲੀ, ਸਾਕਾ ਨੀਲਾ ਤਾਰਾ ਬਾਰੇ ਇਹ ਕਹਿਣ ਵਾਲੇ ਕਿ ਇੰਦਰਾ ਗਾਂਧੀ ਤਾਂ ਇਹ ਕਰਨਾ ਨਹੀ ਚਾਹੁੰਦੀ ਸੀ ਉਹਨਾਂ ਨੇ ਦਬਾਅ ਪਾ ਕੇ ਕਰਵਾਇਆ ਹੈ ਵਾਲਿਆ ਨਾਲ ਦੋਸਤੀ ਰੱਖਣ ਵਾਲਿਆ ਨੂੰ ਕਿਹੜਾ ਲਕਬ ਦਿੱਤਾ ਜਾਵੇ। 1925 ਵਿੱਚ ਹੋਂਦ ਵਿੱਚ ਆਈ ਆਰ ਐਸ ਐਸ ( ਰਾਸ਼ਟਰੀ ਸੋਇਮ ਸੇਵਕ ਸੰਘ) ਨਾਲ ਪਿਆਰ ਦੀਆ ਪੀਘਾਂ ਝੂਟਣ ਵਾਲੇ ਬਾਰੇ ਸ੍ਰ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਜਰੂਰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਕਿਹੜੀ ਟੀਮ ਵਿੱਚ ਸ਼ਾਮਲ ਹਨ? ਵਰਨਣਯੋਗ ਹੈ ਆਰ ਐਸ ਐਸ ਹਿੰਦੂ ਆਗੂਆਂ ਨੇ ਉਸ ਵੇਲੇ ਹੀ ਸਿੱਖਾਂ ਦੇ ਬਰਾਬਰ ਖੜੀ ਕਰ ਦਿੱਤੀ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰਦੁਆਰਾ ਐਕਟ ਨੂੰ ਅੰਗਰੇਜ਼ ਸਰਕਾਰ ਨੇ 1925 ਵਿੱਚ ਮਾਨਤਾ ਦੇ ਦਿੱਤੀ ਸੀ। ਕੀ ਸਿੱਖੀ ਦਾ ਘਾਣ ਕਰਨ ਵਾਲਾ ਬਾਦਲ ਅੱਜ ਪੰਜਾਬ ਦੇ ਲੋਕਾਂ ਦੀਆ ਵੋਟਾਂ ਲੈਣ ਦੇ ਹੱਕਦਾਰ ਹੈ? ਇਸ ਦਾ ਫੈਸਲਾ ਸੰਗਤਾਂ ਨੇ ਆਪ ਕਰਨਾ ਹੈ ਕਿ ਹਰ ਸਮੇਂ ਪੰਥ ਵਿਰੋਧੀ ਝਾੜੂ ਖੜਾ ਰੱਖਣ ਵਾਲੇ ਬਾਦਲ ਦਲ ਨੂੰ ਸੱਤਾ ਵਿੱਚ ਭਾਗੀਦਾਰ ਹੋਣਾ ਚਾਹੀਦਾ ਹੈ ਜਾਂ ਨਹੀ? ਰੱਬ ਖੈਰ ਕਰੇ!