ਪੰਜਾਬ ‘ਚ ਮੀਂਹ ਦੀ ਇੱਕ ਹੋਰ ਚਿਤਾਵਨੀ ਜਾਰੀ ,ਪੜ੍ਹੋ ਪੂਰੀ ਖ਼ਬਰ

ਪੰਜਾਬ: ਪੰਜਾਬ ਵਿੱਚ ਬੀਤੇ ਦਿਨ ਠੰਢ ਨੇ ਫਿਰ ਜੋੜ ਫੜ੍ਹ ਲਿਆ। ਕਈ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦਾ ਅਸਰ ਦੇਖਣ ਨੂੰ ਮਿਲਿਆ , ਜਿਸ ਕਾਰਨ ਸਵੇਰੇ ਅਤੇ ਸ਼ਾਮ ਨੂੰ ਲੋਕਾਂ ਨੂੰ ਠੰਢ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਜਿਵੇਂ-ਜਿਵੇਂ ਦਿਨ ਚੜ੍ਹਿਆ, ਠੰਢ ਤੋਂ ਰਾਹਤ ਮਿਲੀ ਅਤੇ ਧੁੱਪ ਨਿਕਲਣ ਨਾਲ ਜ਼ਿਆਦਾਤਰ ਇਲਾਕਿਆਂ ਵਿੱਚ ਤਾਪਮਾਨ ਵਿੱਚ ਥੋੜ੍ਹਾ ਵਾਧਾ ਹੋਇਆ। ਮੌਸਮ ਵਿਭਾਗ ਦੇ ਅਨੁਸਾਰ, ਫਿਰੋਜ਼ਪੁਰ ਰਾਜ ਦਾ ਸਭ ਤੋਂ ਠੰਡਾ ਸ਼ਹਿਰ ਰਿਹਾ, ਜਿੱਥੇ ਘੱਟੋ-ਘੱਟ ਰਾਤ ਦਾ ਤਾਪਮਾਨ 3.4 ਡਿਗਰੀ ਸੈਲਸੀਅਸ ਰਿਹਾ।ਮੌਸਮ ਵਿਭਾਗ ਨੇ 26 ਜਨਵਰੀ ਤੋਂ 30 ਜਨਵਰੀ ਤੱਕ ਰਾਜ ਦੇ ਕਈ ਜ਼ਿ ਲ੍ਹਿਆਂ ਲਈ ਅਲਰਟ ਜਾਰੀ ਕੀਤਾ ਹੈ। ਵਿਭਾਗ ਦੇ ਅਨੁਸਾਰ, ਇੱਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ, ਜੋ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰੇਗੀ। ਉੱਤਰੀ ਅਤੇ ਪੂਰਬੀ ਪੰਜਾਬ ਦੇ ਕੁਝ ਜ਼ਿਲ੍ਹਿਆਂ – ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਐਸ.ਏ.ਐਸ. ਨਗਰ (ਮੋਹਾਲੀ) – ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਸੁੱਕੇ ਰਹਿਣ ਦੀ ਉਮੀਦ ਹੈ। ਇਸ ਸਮੇਂ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।ਭਲਕੇ , 27 ਜਨਵਰੀ ਨੂੰ ਰਾਜ ਦੇ ਵੱਡੇ ਹਿੱਸਿਆਂ ਵਿੱਚ ਮੀਂਹ ਦੀ ਗਤੀਵਿਧੀ ਤੇਜ਼ ਹੋਣ ਦੀ ਉਮੀਦ ਹੈ। ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਸੰਗਰੂਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਕਈ ਥਾਵਾਂ ‘ਤੇ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ, ਜਦੋਂ ਕਿ ਦੱਖਣ-ਪੱਛਮੀ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। 28 ਜਨਵਰੀ ਨੂੰ ਉੱਤਰੀ ਅਤੇ ਪੂਰਬੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬੂੰਦਾ-ਬਾਂਦੀ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਬਾਕੀ ਰਾਜ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੀ ਉਮੀਦ ਹੈ।29 ਅਤੇ 30 ਜਨਵਰੀ ਨੂੰ ਰਾਜ ਭਰ ਵਿੱਚ ਮੌਸਮ ਖੁਸ਼ਕ ਰਹੇਗਾ ਅਤੇ ਕਿਸੇ ਵੀ ਜ਼ਿਲ੍ਹੇ ਵਿੱਚ ਮੀਂਹ ਪੈਣ ਦੀ ਉਮੀਦ ਨਹੀਂ ਹੈ। ਮੌਸਮ ਵਿਭਾਗ ਨੇ ਕਿਸਾਨਾਂ ਅਤੇ ਆਮ ਨਾਗਰਿਕਾਂ ਨੂੰ ਆਉਣ ਵਾਲੇ ਦਿਨਾਂ ਲਈ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਆਪਣੀਆਂ ਗਤੀਵਿਧੀਆਂ ਦੀ ਯੋਜਨਾ ਬਣਾਉਣ ਅਤੇ ਭਲਕੇ , 27 ਜਨਵਰੀ ਨੂੰ ਪੈਣ ਵਾਲੇ ਸੰਭਾਵਿਤ ਮੀਂਹ ਦੇ ਮੱਦੇਨਜ਼ਰ ਖਾਸ ਤੌਰ ‘ਤੇ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।