ਆਜ਼ਾਦੀ ਦਿਵਸ ਮੌਕੇ ’ਤੇ ਪੁਲਿਸ ਨੇ ਪਟਿਆਲਾ ਸ਼ਹਿਰ ’ਚ ਕੱਢਿਆ ਫਲੈਗ ਮਾਰਚ
ਪਟਿਆਲਾ : ਆਜ਼ਾਦੀ ਦਿਵਸ ਦੇ ਮੱਦੇਨਜ਼ਰ, ਪਟਿਆਲਾ ਪੁਲਿਸ ਨੇ ਬੀਤੇ ਦਿਨ ਸ਼ਹਿਰ ਵਿੱਚ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਫਲੈਗ ਮਾਰਚ ਕੱਢਿਆ।ਇਸ ਮਾਰਚ ਦੀ ਅਗਵਾਈ ਸੀਨੀਅਰ ਪੁਲਿਸ ਸੁਪਰਡੈਂਟ (ਐਸ.ਐਸ.ਪੀ) ਵਰੁਣ ਸ਼ਰਮਾ ਨੇ ਕੀਤੀ। ਮਾਰਚ ਵਿੱਚ ਪੁਲਿਸ ਸੁਪਰਡੈਂਟ (ਐਸ.ਪੀ) ਪਲਵਿੰਦਰ ਸਿੰਘ ਚੀਮਾ, ਡੀ.ਐਸ.ਪੀ ਸਿਟੀ-1 ਸਤਨਾਮ ਸਿੰਘ, ਡੀ.ਐਸ.ਪੀ ਸਿਟੀ-2 ਮਨੋਜ ਗੋਰਾਸੀ ਸਮੇਤ ਵੱਖ-ਵੱਖ ਪੁਲਿਸ ਥਾਣਿਆਂ ਦੇ ਇੰਚਾਰਜਾਂ ਅਤੇ ਪੁਲਿਸ ਫੋਰਸ ਦੇ ਜਵਾਨਾਂ ਨੇ ਮਾਰਚ ਵਿੱਚ ਹਿੱਸਾ ਲਿਆ। ਇਹ ਫਲੈਗ ਮਾਰਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਆਯੋਜਿਤ ਕੀਤਾ ਗਿਆ ਸੀ, ਤਾਂ ਜੋ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।ਐਸ.ਐਸ.ਪੀ ਵਰੁਣ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਇਹ ਫਲੈਗ ਮਾਰਚ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ) ਅਤੇ ਡੀ.ਆਈ.ਜੀ ਪਟਿਆਲਾ ਰੇਂਜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਯੋਜਿਤ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਸ਼ਹਿਰ ਦੀ ਸੁਰੱਖਿਆ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਅਤੇ ਤਿਆਰ ਹੈ। ਕਿਸੇ ਵੀ ਸਮਾਜ ਵਿਰੋਧੀ ਤੱਤ ਨੂੰ ਸ਼ਾਂਤੀ ਭੰਗ ਕਰਨ ਜਾਂ ਕੋਈ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸਾਡੀ ਤਰਜੀਹ ਨਾਗਰਿਕਾਂ ਦੀ ਸੁਰੱਖਿਆ ਅਤੇ ਸ਼ਹਿਰ ਵਿੱਚ ਸ਼ਾਂਤੀ ਬਣਾਈ ਰੱਖਣਾ ਹੈ। ਪੁਲਿਸ ਫੋਰਸ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।ਫਲੈਗ ਮਾਰਚ ਦੌਰਾਨ, ਪੁਲਿਸ ਨੇ ਸ਼ਹਿਰ ਦੇ ਮੁੱਖ ਖੇਤਰਾਂ, ਬਾਜ਼ਾਰਾਂ ਅਤੇ ਸੰਵੇਦਨਸ਼ੀਲ ਥਾਵਾਂ ਦਾ ਦੌਰਾ ਕੀਤਾ ਤਾਂ ਜੋ ਲੋਕਾਂ ਵਿੱਚ ਵਿਸ਼ਵਾਸ ਪੈਦਾ ਕੀਤਾ ਜਾ ਸਕੇ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਸੁਨੇਹਾ ਦਿੱਤਾ ਜਾ ਸਕੇ।ਐਸ.ਐਸ.ਪੀ ਨੇ ਕਿਹਾ ਕਿ ਪਟਿਆਲਾ ਪੁਲਿਸ ਨੇ ਨਾਗਰਿਕਾਂ ਦੀ ਸਹੂਲਤ ਲਈ ਇੱਕ ਵਿਸ਼ੇਸ਼ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਹੈ, ਜੋ 24 ਘੰਟੇ ਸਰਗਰਮ ਰਹੇਗਾ।ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਾਨੂੰਨ ਵਿਵਸਥਾ ਨਾਲ ਸਬੰਧਤ ਕੋਈ ਸਮੱਸਿਆ ਆਉਂਦੀ ਹੈ ਜਾਂ ਕੋਈ ਸ਼ੱਕੀ ਗਤੀਵਿਧੀ ਦਿਖਾਈ ਦਿੰਦੀ ਹੈ, ਤਾਂ ਉਹ ਤੁਰੰਤ ਇਸ ਹੈਲਪਲਾਈਨ ਨੰਬਰ ‘ਤੇ ਸੰਪਰਕ ਕਰਨ। ਪੁਲਿਸ ਤੁਰੰਤ ਕਾਰਵਾਈ ਲਈ ਤਿਆਰ ਹੈਵਰੁਣ ਸ਼ਰਮਾ ਨੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਅਸੀਂ ਹਰ ਗਤੀਵਿਧੀ ‘ਤੇ ਨਜ਼ਰ ਰੱਖ ਰਹੇ ਹਾਂ ਅਤੇ ਕਿਸੇ ਨੂੰ ਵੀ ਕਾਨੂੰਨ ਤੋੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।