ਲੁਧਿਆਣਾ ਜ਼ਿਲ੍ਹੇ ’ਚ ਲਾਡੋਵਾਲ ਟੋਲ ਪਲਾਜ਼ਾ ਦੇ ਕੋਲ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ

ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਵਿੱਚ ਲਾਡੋਵਾਲ ਟੋਲ ਪਲਾਜ਼ਾ ਦੇ ਕੋਲ ਤੇਜ਼ ਰਫ਼ਤਾਰ ਕਾਰ ਦਾ ਕਹਿਰ ਵੇਖਣ ਨੂੰ ਮਿਲਿਆ। ਜਿੱਥੇ ਕਾਰ ਡਿਵਾਈਡਰ ਨਾਲ ਟਕਰਾ ਕੇ ਨੁਕਸਾਨੀ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਹਾਦਸੇ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਘਟਨਾ ਦੇ ਦੌਰਾਨ ਕਾਰ ਵਿੱਚ ਬੈਠੇ ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਲੋਕਾਂ ਵੱਲੋਂ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਦੇਰ ਰਾਤ 1 ਵਜੇ ਸਿਵਲ ਹਸਪਤਾਲ ਲਾਸ਼ਾਂ ਨੂੰ ਟੁਕੜਿਆਂ ਵਿੱਚ ਐਂਬੂਲੈਂਸ ਵਿੱਚ ਰੱਖ ਕੇ ਲਿਆਂਦਾ। ਦਰਅਸਲ, ਕਈ ਲਾਸ਼ਾਂ ਦੀ ਹਾਲਤ ਅਜਿਹੀ ਸੀ ਕਿ ਗਰਦਨ ਧੜ ਤੋਂ ਵੱਖ ਹੋ ਗਈ।ਮਰਨ ਵਾਲਿਆਂ ਦੀ ਅਜੇ ਪਛਾਣ ਨਹੀਂ ਹੋਈ। ਮ੍ਰਿਤਕਾਂ ਵਿੱਚ 2 ਨਾਬਾਲਗ ਕੁੜੀਆਂ ਅਤੇ 3 ਨੌਜਵਾਨ ਸਨ। ਜਾਣਕਾਰੀ ਮੁਤਾਬਕ ਵਰਨਾ ਕਾਰ ਨੰਬਰ PB10DH-4619 ਸਾਊਥ ਸਿਟੀ ਵੱਲੋਂ ਲਾਡੋਵਾਲ ਜਾ ਰਹੀ ਸੀ। ਤੇਜ਼ ਰਫ਼ਤਾਰ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਗੱਡੀ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਹਾਦਸੇ ਵਿੱਚ ਇੱਕ ਕੁੜੀ ਦਾ ਸਿਰ ਧੜ ਤੋਂ ਵੱਖ ਹੋ ਗਿਆ।ਉੱਥੇ ਹੀ ਇੱਕ ਮੁੰਡੇ ਦਾ ਸਰੀਰ ਕੱਟ ਗਿਆ। ਇੱਕ ਮੁੰਡੇ ਦਾ ਹੱਥ ਕੱਟ ਗਿਆ। ਆਸ-ਪਾਸ ਦੇ ਲੋਕਾਂ ਨੇ ਥਾਣੇ ਵਿੱਚ ਸੂਚਨਾ ਦਿੱਤੀ ਤਾਂ ਦੇਰ ਰਾਤ ASI ਕਸ਼ਮੀਰ ਸਿੰਘ ਮੌਕੇ ‘ਤੇ ਪਹੁੰਚੇ। ਮ੍ਰਿਤਕਾਂ ਦੇ ਸ਼ਵਾਂ ਨੂੰ ਬੋਰੀਆਂ ਵਿੱਚ ਭਰ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖ ਦਿੱਤਾ ਗਿਆ ਹੈ। ਅੱਜ ਉਨ੍ਹਾਂ ਦੇ ਪਰਿਵਾਰਾਂ ਨੂੰ ਲੱਭਣ ਦੀ ਪੁਲਿਸ ਕੋਸ਼ਿਸ਼ ਕਰੇਗੀ।