ਪਟਿਆਲਾ ਨਗਰ ਨਿਗਮ ਦੇ ਮੇਅਰ ਤੇ ਕਮਿਸ਼ਨਰ ਨੇ ਸਖ਼ਤ ਹਦਾਇਤਾਂ ਕੀਤੀਆਂ ਜਾਰੀਆਂ

ਪਟਿਆਲਾ : ਪਟਿਆਲਾ ਨਗਰ ਨਿਗਮ ਦੀ ਸੀਮਾ ਵਿੱਚ ਚੱਲ ਰਹੀਆਂ ਡੇਅਰੀਆਂ ਨੂੰ ਇੱਕ ਸੁਚੱਜੇ ਅਤੇ ਸਾਫ਼-ਸੁਥਰੇ ਸਥਾਨ ‘ਤੇ ਸਥਾਪਿਤ ਕਰਨ ਦੇ ਉਦੇਸ਼ ਨਾਲ ਬਣਾਏ ਗਏ ਸ਼੍ਰੀ ਗੁਰੂ ਨਾਨਕ ਦੇਵ ਡੇਅਰੀ ਪ੍ਰੋਜੈਕਟ ਨੂੰ ਲੈ ਕੇ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਮੇਅਰ ਕੁੰਦਨ ਗੋਗੀਆ ਅਤੇ ਨਗਰ ਨਿਗਮ ਪਟਿਆਲਾ ਦੇ ਕਮਿਸ਼ਨਰ ਪਰਮਜੋਤ ਸਿੰਘ, ਆਈ. ਏ. ਐੱਸ. ਨੇ ਦੱਸਿਆ ਕਿ ਨਗਰ ਨਿਗਮ ਖੇਤਰ ਵਿੱਚ ਮੌਜੂਦ 65 ਡੇਅਰੀ ਮਾਲਕਾਂ ਨੂੰ ਸਾਲ 2021 ਵਿੱਚ ਸ੍ਰੀ ਗੁਰੂ ਨਾਨਕ ਦੇਵ ਡੇਅਰੀ ਪ੍ਰੋਜੈਕਟ ਵਿੱਚ ਪਲਾਟ ਅਲਾਟ ਕੀਤੇ ਗਏ ਸਨ। ਇਹਨਾਂ ਡੇਅਰੀ ਮਾਲਕਾਂ ਵੱਲੋਂ ਨਿਯਮਾਂ ਅਨੁਸਾਰ ਦੇਣਯੋਗ 5 ਫੀਸਦੀ ਰਾਸ਼ੀ ਨਗਰ ਨਿਗਮ ਪਟਿਆਲਾ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ। ਹਾਲਾਂਕਿ, ਪਲਾਟ ਅਲਾਟ ਹੋਣ ਅਤੇ 5 ਫੀਸਦੀ ਰਾਸ਼ੀ ਜਮ੍ਹਾਂ ਕਰਵਾਉਣ ਦੇ ਬਾਵਜੂਦ, ਇਹ ਸਾਰੇ ਡੇਅਰੀ ਮਾਲਕ ਅਜੇ ਤੱਕ ਡੇਅਰੀ ਪ੍ਰੋਜੈਕਟ ਵਾਲੀ ਥਾਂ ’ਤੇ ਸ਼ਿਫਟ ਨਹੀਂ ਹੋਏ, ਜਿਸ ਕਾਰਨ ਸ਼ਹਿਰ ਵਿੱਚ ਸਫਾਈ ਅਤੇ ਵਾਤਾਵਰਨ ਨਾਲ ਸਬੰਧਤ ਸਮੱਸਿਆਵਾਂ ਆ ਰਹੀਆਂ ਹਨ।ਮੇਅਰ ਅਤੇ ਕਮਿਸ਼ਨਰ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਜਿਨ੍ਹਾਂ ਡੇਅਰੀ ਮਾਲਕਾਂ ਨੂੰ ਡੇਅਰੀ ਪ੍ਰੋਜੈਕਟ ਵਿੱਚ ਪਲਾਟ ਅਲਾਟ ਕੀਤੇ ਜਾ ਚੁੱਕੇ ਹਨ। ਉਨ੍ਹਾਂ ਨੂੰ ਹਰ ਹਾਲ ਵਿੱਚ ਮਿਤੀ 25 ਦਸੰਬਰ ਤੱਕ ਡੇਅਰੀ ਪ੍ਰੋਜੈਕਟ ਸਥਾਨ ’ਤੇ ਸ਼ਿਫਟ ਹੋਣਾ ਪਵੇਗਾ। ਕਮਿਸ਼ਨਰ ਪਰਮਜੀਤ ਸਿੰਘ ਨੇ ਕਿਹਾ ਕਿ ਜੇਕਰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਕੋਈ ਵੀ ਡੇਅਰੀ ਮਾਲਕ ਪ੍ਰੋਜੈਕਟ ਸਥਾਨ ’ਤੇ ਸ਼ਿਫਟ ਨਹੀਂ ਹੁੰਦਾ ਹੈ, ਤਾਂ ਉਸਦਾ ਪਲਾਟ ਅਲਾਟਮੈਂਟ ਤੁਰੰਤ ਰੱਦ ਕਰ ਦਿੱਤਾ ਜਾਵੇਗਾ ਅਤੇ ਜਮ੍ਹਾਂ 5 ਫੀਸਦੀ ਰਕਮ ਜ਼ਬਤ ਕਰ ਲਈ ਜਾਵੇਗੀ। ਇਸ ਤੋਂ ਬਾਅਦ ਸੰਬੰਧਿਤ ਡੇਅਰੀ ਮਾਲਕ ਨੂੰ ਮੁੜ ਨਵੇਂ ਸਿਰੇ ਤੋਂ ਪਲਾਟ ਅਲਾਟਮੈਂਟ ਦੀ ਪ੍ਰਕਿਰਿਆ ਵਿੱਚੋਂ ਗੁਜ਼ਰਨਾ ਪਵੇਗਾ। ਉਨ੍ਹਾਂ ਨੇ ਸਖ਼ਤ ਸ਼ਬਦਾਂ ਵਿੱਚ ਇਹ ਵੀ ਕਿਹਾ ਕਿ ਅਜਿਹੇ ਡੇਅਰੀ ਮਾਲਕਾਂ ਨੂੰ ਉਨ੍ਹਾਂ ਦੀ ਮੌਜੂਦਾ ਥਾਂ ‘ਤੇ ਡੇਅਰੀ ਚਲਾਉਣ ਦੀ ਕਿਸੇ ਵੀ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੇਅਰ ਤੇ ਕਮਿਸ਼ਨਰ ਨੇ ਕਿਹਾ ਹੈ ਕਿ ਨਗਰ ਨਿਗਮ ਪਟਿਆਲਾ ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਵਾਤਾਵਰਣ ਪੱਖੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।