ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ’ਚ 12 ਕੈਂਸਰ ਬੱਸਾਂ ਨੂੰ ਦਿਖਾਈ ਹਰੀ ਝੰਡੀ

ਸੰਗਰੂਰ : ਪੰਜਾਬ ਵਿੱਚ ਸਿਹਤ ਕ੍ਰਾਂਤੀ ਵੱਲ ਇੱਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨ ਸੰਗਰੂਰ ਵਿੱਚ 12 ਅਤਿ-ਆਧੁਨਿਕ ਕੈਂਸਰ ਪਹਚਾਣ ਮੋਬਾਈਲ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਲੋਕਾਂ ਦੀ ਸੇਵਾ ਲਈ ਰਵਾਨਾ ਕੀਤਾ।ਇਹ ਮੋਬਾਈਲ ਬੱਸਾਂ ਸੂਬੇ ਦੇ ਵੱਖ-ਵੱਖ ਪਿੰਡਾਂ ਵਿੱਚ ਜਾਣਗੀਆਂ ਅਤੇ ਲੋਕਾਂ ਦਾ ਮੁਫ਼ਤ ਚੈੱਕਅੱਪ ਕਰਨਗੀਆਂ ਅਤੇ ਉਨ੍ਹਾਂ ਨੂੰ ਕੈਂਸਰ ਬਾਰੇ ਜਾਗਰੂਕ ਕਰਨਗੀਆਂ। ਲੋਕਾਂ ਦੀ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਅੱਖਾਂ ਦੀ ਜਾਂਚ ਦੇ ਨਾਲ-ਨਾਲ ਮਰੀਜ਼ਾਂ ਨੂੰ ਆਮ ਦਵਾਈਆਂ ਵੀ ਮੁਫ਼ਤ ਵੰਡੀਆਂ ਜਾਣਗੀਆਂ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਸਿਹਤਮੰਦ ਰੱਖਣਾ ਸਾਡੀ ਜ਼ਿੰਮੇਵਾਰੀ ਹੈ, ਜਿਸ ਨੂੰ ਅਸੀਂ ਬਹੁਤ ਵਧੀਆ ਢੰਗ ਨਾਲ ਨਿਭਾ ਰਹੇ ਹਾਂ।ਇਸ ਮੌਕੇ ਉੱਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੈਂਸਰ ਵਿਰੁੱਧ ਲੜਾਈ ਲੰਬੇ ਸਮੇਂ ਤੋਂ ਚੱਲ ਰਹੀ ਹੈ, ਇਸ ਵਿੱਚ ਇੱਕ ਨਵਾਂ ਪੜਾਅ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਤੇ ਇੱਕ ਕਲੰਕ ਲੱਗ ਗਿਆ ਸੀ – ਬਠਿੰਡਾ ਤੋਂ ਬੀਕਾਨੇਰ ਜਾਣ ਵਾਲੀ ਰੇਲਗੱਡੀ ਦਾ ਨਾਮ ਕੈਂਸਰ ਐਕਸਪ੍ਰੈਸ ਰੱਖਿਆ ਗਿਆ ਕਿਉਂਕਿ ਲੋਕ ਇਲਾਜ ਲਈ ਉੱਥੇ ਜਾਂਦੇ ਸਨ। ਉਸ ਰੇਲਗੱਡੀ ਵਿੱਚ 70-80 ਪ੍ਰਤੀਸ਼ਤ ਲੋਕ ਕੈਂਸਰ ਦੇ ਮਰੀਜ਼ ਸਨ। ਉਨ੍ਹਾਂ ਕਿਹਾ ਕਿ ਖਾਸ ਕਰਕੇ ਮਾਲਵਾ ਖੇਤਰ ਦੇ ਲੋਕ ਇਸ ਖ਼ਤਰਨਾਕ ਬਿਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹਨ। ਫਸਲਾਂ ‘ਤੇ ਅਜਿਹੇ ਸਪ੍ਰੇ ਵਰਤੇ ਜਾ ਰਹੇ ਹਨ ਜਿਨ੍ਹਾਂ ‘ਤੇ ਕਈ ਦੇਸ਼ਾਂ ਨੇ ਪਾਬੰਦੀ ਲਗਾਈ ਹੋਈ ਹੈ।  ਪਰ ਪਿਛਲੀ ਸਰਕਾਰਾਂ ਨੇ ਇਨ੍ਹਾਂ ਸਪ੍ਰੇਆਂ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ।