BSF ਜਵਾਨਾਂ ਨੇ 2 ਸ਼ੱਕੀਆਂ ਨੂੰ ਕੀਤਾ ਗ੍ਰਿਫ਼ਤਾਰ

ਗੁਰਦਾਸਪੁਰ: ਸੀਮਾ ਸੁਰੱਖਿਆ ਬਲ 89 ਬਟਾਲੀਅਨ ਦੇ ਜਵਾਨਾਂ ਨੇ ਭਾਰਤੀ ਬੀਓਪੀ ਬੋਹੜ ਬਡਾਲਾ (Indian BOP Bohar Badala) ਨੇੜੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਨੌਜਵਾਨਾਂ ਕੋਲੋਂ ਬਰਾਮਦ ਕੀਤੇ ਗਏ ਮੋਬਾਇਲ ਫੋਨ ‘ਚ ਪਾਕਿਸਤਾਨ ਦੇ 18 ਮੋਬਾਇਲ ਨੰਬਰ ਸਨ, ਜੋ ਕਿ ਦੋਸ਼ੀਆਂ ਨੇ ਪਾਕਿਸਤਾਨ ‘ਚ ਆਪਣੇ ਸੰਪਰਕਾਂ ਦੇ ਨਾਂ ‘ਤੇ ਸੇਵ ਕਰ ਲਏ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਮਾ ਸੁਰੱਖਿਆ ਬਲ ਦੇ ਡੀ.ਆਈ.ਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਰਾਜ ਕੁਮਾਰ ਪੁੱਤਰ ਗਿਰਧਾਰੀ ਵਾਲਾ ਵਾਸੀ ਡੇਰਾ ਬਾਬਾ ਨਾਨਕ ਅਤੇ ਕੈਪਟਨ ਸਿੰਘ ਉਰਫ਼ ਹਰਮਨ ਪੁੱਤਰ ਵੀਰ ਸਿੰਘ ਵਾਸੀ ਰੂੜੇਵਾਲ ਥਾਣਾ ਰਮਦਾਸ ਵਜੋਂ ਹੋਈ ਹੈ।ਉਨ੍ਹਾਂ ਦੱਸਿਆ ਕਿ ਸੀਮਾ ਸੁਰੱਖਿਆ ਬਲ ਦੀ 89 ਬਟਾਲੀਅਨ ਦੇ ਜਵਾਨਾਂ ਨੇ ਬੀਓਪੀ ਨੇੜੇ ਧੁੱਸੀ ਡੈਮ ਨੇੜੇ ਭਾਰਤ-ਪਾਕਿਸਤਾਨ ਸਰਹੱਦ (India-Pakistan border) ‘ਤੇ ਪ੍ਰੀਤ ਗੈਸ ਏਜੰਸੀ ਦੀ ਇੱਕ ਗੱਡੀ ਵਿੱਚ ਦੋਵਾਂ ਨੂੰ ਕਾਬੂ ਕੀਤਾ। ਦੋਵਾਂ ਨੂੰ ਪੁੱਛਗਿੱਛ ਲਈ ਰੋਕਿਆ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕੈਪਟਨ ਸਿੰਘ ਉਰਫ਼ ਹਰਮਨ ਦੇ ਮੋਬਾਈਲ ਫ਼ੋਨ ਵਿੱਚ 18 ਪਾਕਿਸਤਾਨੀ ਮੋਬਾਈਲ ਨੰਬਰ ਸਨ। ਇਸ ਤੋਂ ਇਲਾਵਾ ਕਈ ਇੰਸਟਾਗ੍ਰਾਮ ਅਤੇ ਫੇਸਬੁੱਕ ਆਈਡੀ ਵੀ ਮਿਲੇ ਹਨ।ਹਿਰਾਸਤ ਵਿੱਚ ਲਏ ਗਏ ਦੋ ਵਿਅਕਤੀਆਂ ਵਿੱਚੋਂ ਇੱਕ ਨੇ ਦੱਸਿਆ ਕਿ ਉਸਦਾ ਭਰਾ ਵਿਕਰਮ ਸਿੰਘ 2016 ਤੋਂ 2021 ਤੱਕ ਦੁਬਈ ਵਿੱਚ ਸੀ ਅਤੇ ਉਸਦੇ ਕਈ ਪਾਕਿਸਤਾਨੀ ਦੋਸਤ ਹਨ ਜੋ ਫੈਸਲਾਬਾਦ ਸਮੇਤ ਹੋਰ ਸ਼ਹਿਰਾਂ ਵਿੱਚ ਰਹਿੰਦੇ ਹਨ। ਹੁਣ ਉਸ ਦੇ ਕੁਝ ਹੋਰ ਲੋਕਾਂ ਨਾਲ ਵੀ ਪਰਿਵਾਰਕ ਸਬੰਧ ਹਨ। ਉਸ ਨੇ ਦੱਸਿਆ ਕਿ ਉਸ ਦਾ ਭਰਾ ਵਿਕਰਮ ਸਿੰਘ ਦਸੰਬਰ 2022 ਵਿੱਚ ਦੁਬਈ ਤੋਂ ਵਾਪਸ ਆ ਕੇ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਗਿਆ ਸੀ। ਉਹ ਕਿਸੇ ਅਫਖਤਾਰ ਸ਼ਹਿਜ਼ਾਦੇ ਦੇ ਸੰਪਰਕ ‘ਚ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਦੋਵਾਂ ਵੱਲੋਂ ਪੇਸ਼ ਕੀਤੇ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਪੁਲਿਸ ਦੀ ਮਦਦ ਵੀ ਲਈ ਜਾਵੇਗੀ।