ਘਰ ਤੋਂ ਸਕੂਲ ਲਈ ਗਈ 10ਵੀ ਜਮਾਤ ਦੀ ਵਿਦਿਆਰਥਣ ਹੋਈ ਲਾਪਤਾ,ਬੈਗ ‘ਚੋ ਮਿਲਿਆ ਸੁਰਾਗ

ਜਲੰਧਰ : ਕਾਂਸ਼ੀ ਨਗਰ (Kanshi Nagar) ‘ਚ ਰਹਿਣ ਵਾਲੀ 10ਵੀਂ ਜਮਾਤ ਦਾ ਵਿਦਿਆਰਥਣ ਸ਼ੱਕੀ ਹਾਲਾਤਾਂ ‘ਚ ਲਾਪਤਾ ਹੋ ਗਈ। ਵਿਦਿਆਰਥਣ ਸਕੂਲ ਬੈਗ ਵੀ ਘਰ ਛੱਡ ਗਈ, ਜਿਸ ਦੀ ਕਾਪੀ ਵਿੱਚ ਇੱਕ ਲੜਕੇ ਦਾ ਨੰਬਰ ਮਿਲਿਆ। ਪਹਿਲਾਂ ਤਾਂ ਵਿਦਿਆਰਥਣ ਦੇ ਪਰਿਵਾਰਕ ਮੈਂਬਰ ਖੁਦ ਲੜਕੀ ਦੀ ਭਾਲ ਕਰਦੇ ਰਹੇ ਪਰ ਜਦੋਂ ਕੋਈ ਸੁਰਾਗ ਨਾ ਮਿਲਿਆ ਤਾਂ ਉਨ੍ਹਾਂ ਨੇ ਕਾਪੀ ‘ਚ ਮਿਲੇ ਮੋਬਾਈਲ ਨੰਬਰ ‘ਤੇ ਸੰਪਰਕ ਕੀਤਾ ਤਾਂ ਲੜਕੇ ਨੇ ਕਿਹਾ ਕਿ ਉਹ ਲੜਕੀ ਨਾਲ 8 ਮਹੀਨਿਆਂ ਤੋਂ ਗੱਲ ਕਰ ਰਿਹਾ ਹੈ ਪਰ ਉਨ੍ਹਾਂ ਦੀ ਬੇਟੀ ਉਸ ਨਾਲ ਨਹੀਂ ਹੈ।ਥਾਣਾ ਭਾਰਗਵ ਕੈਂਪ ਨੂੰ ਦਿੱਤੀ ਸ਼ਿਕਾਇਤ ਵਿੱਚ ਕਾਂਸ਼ੀ ਨਗਰ ਦੇ ਰਹਿਣ ਵਾਲੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਕੋਟ ਸਾਦਿਕ ਸਥਿਤ ਸਕੂਲ ਵਿੱਚ ਪੜ੍ਹਦੀ ਹੈ। 30 ਨਵੰਬਰ ਦੀ ਸਵੇਰ ਨੂੰ ਉਹ ਸਕੂਲ ਲਈ ਗਈ ਸੀ ਪਰ ਘਰ ਵਾਪਸ ਨਹੀਂ ਆਈ। ਜਦੋਂ ਉਨ੍ਹਾਂ ਸਕੂਲ ਜਾ ਕੇ ਪਤਾ ਕੀਤਾ ਤਾਂ ਸਕੂਲ ਵਾਲਿਆਂ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਲੜਕੀ ਸਕੂਲ ਨਹੀਂ ਆਈ। ਰਿਸ਼ਤੇਦਾਰਾਂ ਨੇ ਲੜਕੀ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਲੜਕੀ ਦਾ ਸਕੂਲ ਬੈਗ ਘਰ ਵਿੱਚ ਹੀ ਸੀ, ਜਿਸ ਵਿੱਚੋਂ ਮੋਬਾਈਲ ਨੰਬਰ ਦੀ ਕਾਪੀ ਮਿਲੀ।ਘਰੋਂ ਲੜਕੀ ਦਾ ਮੋਬਾਈਲ ਵੀ ਮਿਲਿਆ ਪਰ ਉਸ ਵਿੱਚ ਕੋਈ ਸਿਮ ਨਹੀਂ ਸੀ। ਰਿਸ਼ਤੇਦਾਰਾਂ ਨੇ ਉਕਤ ਨੰਬਰ ‘ਤੇ ਫੋਨ ਕੀਤਾ ਤਾਂ ਫੋਨ ਚੁੱਕਣ ਵਾਲੇ ਨੌਜਵਾਨ ਨੇ ਆਪਣਾ ਨਾਂ ਇੰਦਰ ਦੱਸਿਆ ਜੋ ਕਿ ਬਟਾਲਾ ਦਾ ਰਹਿਣ ਵਾਲਾ ਸੀ। ਲੜਕੇ ਨੇ ਮੰਨਿਆ ਕਿ ਉਹ 8 ਮਹੀਨਿਆਂ ਤੋਂ ਲੜਕੀ ਨਾਲ ਗੱਲ ਕਰ ਰਿਹਾ ਹੈ ਪਰ ਲੜਕੀ ਉਸ ਦੇ ਨਾਲ ਨਹੀਂ ਹੈ। ਪੀੜਤ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਉਕਤ ਲੜਕਾ ਝੂਠ ਬੋਲ ਰਿਹਾ ਹੈ ਅਤੇ ਉਹ ਉਨ੍ਹਾਂ ਦੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਹੈ। ਥਾਣਾ ਭਾਰਗਵ ਕੈਂਪ ਦੀ ਪੁਲਿਸ ਨੇ ਇੰਦਰ ਖ਼ਿਲਾਫ਼ ਧਾਰਾ 363,366 ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।