ਮੁੱਖ ਮੰਤਰੀ ਵੱਲੋਂ ਪੀ.ਐਚ.ਡੀ. ਚੈਂਬਰ ਨੂੰ ਦਸੰਬਰ ਤੱਕ ਪਾਈਟੈਕਸ-2021 ਕਰਵਾਉਣ ਦੀ ਪ੍ਰਵਾਨਗੀ

ਚੰਡੀਗੜ੍ਹ, 12 ਅਕਤੂਬਰ : ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ (ਪੀ.ਐਚ.ਡੀ.ਸੀ.ਸੀ.ਆਈ.) ਦੀ ਬੇਨਤੀ ਨੂੰ ਸਵਿਕਾਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 2-6 ਦਸੰਬਰ, 2021 ਨੂੰ ਅੰਮ੍ਰਿਤਸਰ ਵਿਖੇ ਪਾਈਟੈਕਸ (ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ) ਕਰਵਾਉਣ ਲਈ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਨੇ ਇਸ ਅੰਤਰਰਾਸ਼ਟਰੀ ਪ੍ਰਦਰਸ਼ਨੀ ਦਾ ਉਦਘਾਟਨ ਕਰਨ ਲਈ ਦਿੱਤੇ ਗਏ ਸੱਦੇ ਨੂੰ ਕਬੂਲ ਕਰ ਲਿਆ ਅਤੇ ਇਹ ਪ੍ਰਦਰਸ਼ਨੀ ਸੂਬਾ ਭਰ ਵਿਚ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਉਤੇ ਅਧਾਰਿਤ ਹੋਵੇਗੀ।ਮੁੱਖ ਮੰਤਰੀ ਨੇ ਵਫ਼ਦ ਦੀ ਅਪੀਲ ਉਤੇ ਉਦਯੋਗ ਅਤੇ ਸੈਰ-ਸਪਾਟਾ ਵਿਭਾਗਾਂ ਨੂੰ ਅਗਾਊਂ ਹੀ ਠੋਸ ਇੰਤਜ਼ਾਮ ਕਰਨ ਦੇ ਆਦੇਸ਼ ਦਿੱਤੇ ਤਾਂ ਕਿ ਇਸ ਵਿਸ਼ਾਲ ਪ੍ਰਦਰਸ਼ਨੀ ਨੂੰ ਢੁਕਵੇਂ ਤਰੀਕੇ ਨਾਲ ਕਰਵਾਇਆ ਜਾ ਸਕੇ।ਇਸ ਤੋਂ ਪਹਿਲਾਂ ਉਦਯੋਗ ਤੇ ਵਪਾਰ ਮੰਤਰੀ ਗੁਰਕੀਰਤ ਸਿੰਘ ਕੋਟਲੀ ਜਿਨ੍ਹਾਂ ਨਾਲ ਪੀ.ਐਚ.ਡੀ.ਸੀ.ਸੀ.ਆਈ. ਦੇ ਚੇਅਰਮੈਨ ਕਰਨ ਗਿਲਹੋਤਰਾ ਦੀ ਅਗਵਾਈ ਵਿਚ ਵਫ਼ਦ ਵੀ ਹਾਜ਼ਰ ਸੀ, ਨੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਇਸ ਕੌਮਾਂਤਰੀ ਪ੍ਰਦਰਸ਼ਨੀ ਲਈ ਸੱਦਾ ਦਿੱਤਾ। ਇਸੇ ਦੌਰਾਨ ਸ੍ਰੀ ਕੋਟਲੀ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਪਾਈਟੈਕਸ 5-6 ਮੁਲਕਾਂ ਤੋਂ ਕਾਰੋਬਾਰੀਆਂ ਅਤੇ ਨਿਰਮਾਤਾਵਾਂ ਨੂੰ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਕਰਨ ਲਈ ਸਿਹਤਮੰਦ ਮੰਚ ਮੁਹੱਈਆ ਕਰਵਾਏਗਾ ਜਿਸ ਨਾਲ ਖਿੱਤੇ ਵਿਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਮਿਲੇਗਾ।ਇਸ ਮੌਕੇ ਪੀ.ਐਚ.ਡੀ.ਸੀ.ਸੀ.ਆਈ. ਦੇ ਪੰਜਾਬ ਚੈਪਟਰ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਆਰ.ਐਸ. ਸੱਚਦੇਵਾ, ਖੇਤਰੀ ਡਾਇਰੈਕਟਰ ਮਧੂ ਪਿਲੱਈ, ਟਰੇਡ ਫੇਅਰਜ਼ ਦੇ ਮੁਖੀ ਹਰਦੀਪ ਸਿੰਘ ਅਤੇ ਰੈਜ਼ੀਡੈਂਟ ਡਾਇਰੈਕਟਰ ਪ੍ਰਦੀਪ ਰਤਨ ਸਿੰਘ ਵੀ ਹਾਜ਼ਰ ਸਨ।