ਮੁੱਖ ਮੰਤਰੀ ਭਗਵੰਤ ਮਾਨ ਨੇ 328 ਚੋਰੀ ਹੋਏ ਸਰੂਪਾਂ ਦੇ ਮਾਮਲੇ ਸਬੰਧੀ ਕੀਤੀ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 328 ਚੋਰੀ ਹੋਏ ਸਰੂਪਾਂ ਦੇ ਮਾਮਲੇ ਸਬੰਧੀ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਪੰਥਕ ਸਮੂਹਾਂ ਅਤੇ ਸਿੱਖ ਸੰਸਥਾਵਾਂ ਵੱਲੋਂ ਸਰਕਾਰ ਨੂੰ ਸੁਨੇਹੇ ਪਹੁੰਚੇ ਸਨ ਕਿ 328 ਸਰੂਪ ਕਿੱਥੇ ਹਨ ,ਇਸ ਦੀ ਜਾਂਚ ਕਰਵਾਈ ਜਾਵੇ । ਹਾਲ ਹੀ ਵਿੱਚ, ਕਈ ਸੰਤ ਸਮਾਜ ਸਮੂਹ ਇਕੱਠੇ ਹੋਏ ਸਨ ਅਤੇ ਸਰਕਾਰ ਨੂੰ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ ਸੀ।ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੇ ਲਈ ਸਰਕਾਰ ਨੇ ਸਰਕਾਰ ਨੇ ਐਸ.ਆਈ.ਟੀ. ਦਾ ਗਠਨ ਕੀਤਾ ਹੈ ,ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਘਟਨਾ ਦੇ ਲਈ ਕੌਣ ਜ਼ਿੰਮੇਵਾਰ ਹੈ ।ਉਨ੍ਹਾਂ ਨੇ ਕਿਹਾ ਕਿ ਹੁਣ ਅਚਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਪ੍ਰੈਸ ਕਾਨਫਰੰਸ ਕਰ ਕਹਿਣ ਲੱਗੀ ਹੈ ਕਿ ਇਹ ਮਾਮਲਾ ਕੇਵਲ ਵਿੱਤੀ ਘੁਟਾਲਾ ਹੈ ,ਜਿਸ ਨਾਲ ਅਜਿਹਾ ਲੱਗ ਰਿਹਾ ਹੈ ਕਿ ਕਮੇਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਦੇ ਮਾਮਲੇ ਤੋਂ ਪੱਲਾ ਝਾੜ ਲਿਆ ਹੈ ।ਇਸ ਨਾਲ ਸੰਗਤ ਵਿੱਚ ਕਈ ਸ਼ੰਕੇ ਖੜ੍ਹੇ ਹੋ ਗਏ ਹਨ।ਮੁੱਖ ਮੰਤਰੀ ਨੇ ਕਿਹਾ ਕਿ ਐਸ.ਜੀ.ਪੀ.ਸੀ. ਪ੍ਰਧਾਨ ਖੁਦ ਮੰਨ ਚੁੱਕੇ ਹਨ ਕਿ 10-20 ਘੁਟਾਲੇ ਰੋਜ਼ ਹੁੰਦੇ ਹਨ । ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਕੋਲ ਐਸ.ਜੀ.ਪੀ.ਸੀ. ਦੀ ਅੰਤਰਿਮ ਕਮੇਟੀ ਦੇ ਪ੍ਰਸਤਾਵ ਮੌਜੂਦ ਹਨ, ਜਿਨ੍ਹਾਂ ਵਿੱਚ ਸਵੀਕਾਰ ਕੀਤਾ ਗਿਆ ਹੈ ਕਿ ਸਰੂਪਾ ਦੀ ਗਿਣਤੀ ਵਿੱਚ ਕਮੀ ਹੋਈ ਹੈ। ਸ਼੍ਰੋਮਣੀ ਕਮੇਟੀ ਨੇ ਪਹਿਲਾਂ ਕਿਹਾ ਸੀ ਕਿ ਗੁੰਮ ਹੋਏ ਸਰੂਪਾਂ ਨੂੰ ਬਰਾਮਦ ਕਰਨ ਲਈ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਪ੍ਰਧਾਨ ਇਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਕਰਨ ਲਈ ਵੀ ਤਿਆਰ ਹਨ। ਮੁੱਖ ਮੰਤਰੀ ਨੇ ਦੋਸ਼ ਲਗਾਇਆ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਦੁਆਰਾ ਰਿਕਾਰਡ ਨਾਲ ਵਾਰ-ਵਾਰ ਛੇੜਛਾੜ ਕੀਤੀ ਗਈ।ਉਨ੍ਹਾਂ ਕਿਹਾ ਕਿ ਚਾਰਟਰਡ ਅਕਾਊਂਟੈਂਟ ਸਤਿੰਦਰ ਸਿੰਘ ਕੋਹਲੀ ਦੀ ਭੂਮਿਕਾ ਬਾਰੇ ਗੰਭੀਰ ਸਵਾਲ ਉੱਠਦੇ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦੁਆਰਾ ਕਰੋੜਾਂ ਰੁਪਏ ਦਿੱਤੇ ਜਾਂਦੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਕੋਹਲੀ ਨੇ ਸੁਖਬੀਰ ਬਾਦਲ ਦਾ ਕੰਮ ਵੀ ਸੰਭਾਲਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਚੋਰੀ ਹੋਏ ਸਰੂਪਾਂ ਦੇ ਮਾਮਲੇ ਵਿੱਚ ਕਾਨੂੰਨੀ ਕਾਰਵਾਈ ਲਈ ਪ੍ਰਸਤਾਵ ਪਾਸ ਕੀਤੇ ਸਨ, ਪਰ ਬਾਅਦ ਵਿੱਚ ਫਸਣ ਦੇ ਡਰੋਂ ਸਾਰੇ ਪ੍ਰਸਤਾਵ ਰੱਦ ਕਰ ਦਿੱਤੇ। ਉਨ੍ਹਾਂ ਦੋਸ਼ ਲਗਾਇਆ ਕਿ ਇਨ੍ਹਾਂ ਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਦੀ ਕੋਈ ਪਰਵਾਹ ਨਹੀਂ ਹੈ ਅਤੇ ਹੁਣ ਡਰ ਹੈ ਕਿ ਐਸ.ਆਈ.ਟੀ. ਜਾਂਚ ਦੌਰਾਨ ਉਨ੍ਹਾਂ ਦੇ ਮਾੜੇ ਕੰਮ ਬੇਨਕਾਬ ਹੋ ਜਾਣਗੇ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਕਠਪੁਤਲੀ ਦੀ ਤਰ੍ਹਾਂ ਚਲਾਇਆ ਜਾ ਰਿਹਾ ਹੈ ।
SikhDiary