ਨਿਰਦੇਸ਼ਾਂ ਦੀ ਉਲੰਘਣਾ ਕਰਨ ਤੇ ਹੋਵੇਗੀ ਸਖ਼ਤ ਕਾਰਵਾਈ : ਮੇਅਰ ਕੁੰਦਨ ਗੋਗੀਆ 

ਪਟਿਆਲਾ : ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਵੱਲੋਂ ਸ਼ਹਿਰ ਦੀਆਂ ਸੜਕਾਂ ਨੂੰ ਗੁਣਵੱਤਾ ਅਤੇ ਪਾਰਦਰਸ਼ੀ ਪ੍ਰਣਾਲੀ ਨਾਲ ਜੋੜਨ ਲਈ ਇੱਕ ਨਿਵੇਕਲਾ ਅਤੇ ਮਹੱਤਵਪੂਰਨ ਉਪਰਾਲਾ ਕੀਤਾ ਗਿਆ ਹੈ। ਰਣਜੀਤ ਨਗਰ ਅਤੇ ਅਲੀਪੁਰ ਅਰਾਈਆ ਵਿਖੇ ਅਚਾਨਕ ਚੈਕਿੰਗ ਦੌਰਾਨ ਕਈ ਥਾਵਾਂ ‘ਤੇ ਮੁਰੰਮਤ ਤੋਂ ਬਾਅਦ ਵੀ ਖਾਮੀਆਂ ਸਾਹਮਣੇ ਆਉਣ ‘ਤੇ ਮੇਅਰ ਨੇ ਕੜੀ ਕਾਰਵਾਈ ਦੀ ਚੇਤਾਵਨੀ ਦਿੰਦਿਆਂ ਨਵੇਂ ਨਿਰਦੇਸ਼ ਜਾਰੀ ਕੀਤੇ। ਹੁਣ ਸ਼ਹਿਰ ਵਿਚ ਜਿੱਥੇ ਵੀ ਸੜਕ ਦੀ ਮੁਰੰਮਤ ਜਾਂ ਮੁੜ ਉਸਾਰੀ ਦਾ ਕੰਮ ਸ਼ੁਰੂ ਹੋਵੇਗਾ, ਉੱਥੇ ਸਭ ਤੋਂ ਪਹਿਲਾਂ ਇੱਕ ਜਾਣਕਾਰੀ ਬੋਰਡ ਲਗਾਉਣਾ ਲਾਜ਼ਮੀ ਹੋਵੇਗਾ।ਮੇਅਰ ਗੋਗੀਆ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਲੋਕਾਂ ਦੀ ਰੋਜ਼ਾਨਾ ਕੰਮਕਾਜ ਅਤੇ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਹਨ। ਇਸ ਲਈ ਮਟੀਰੀਅਲ ਦੀ ਕੁਆਲਟੀ, ਕੰਮ ਦੀ ਗਤੀ ਅਤੇ ਪੂਰੇ ਪ੍ਰੋਜੈਕਟ ਦੀ ਜਵਾਬਦੇਹੀ ਯਕੀਨੀ ਬਣਾਉਣ ਲਈ ਇਹ ਕਦਮ ਲਿਆ ਗਿਆ ਹੈ। ਜਾਰੀ ਨਿਰਦੇਸ਼ਾਂ ਅਨੁਸਾਰ ਬੋਰਡ ਉੱਤੇ ਠੇਕੇਦਾਰ ਦਾ ਨਾਮ, ਵਰਤੀ ਜਾਣ ਵਾਲਾ ਸਮੱਗਰੀ ਦਾ ਵੇਰਵਾ, ਸੜਕ ਦੀ ਕੁੱਲ ਲੰਬਾਈ ਅਤੇ ਚੌੜਾਈ, ਕੰਮ ਸ਼ੁਰੂ ਕਰਨ ਦੀ ਤਾਰੀਖ ਅਤੇ ਮੁਕੰਮਲ ਹੋਣ ਦੀ ਨਿਰਧਾਰਤ ਤਾਰੀਖ, ਗਲੀ ਦਾ ਨਾਂ ਅਤੇ ਏਰੀਏ ਦਾ ਨਾਂ ਸਪਸ਼ਟ ਤੌਰ ‘ਤੇ ਲਿਖਣਾ ਹੋਵੇਗਾ। ਇਸ ਦੇ ਨਾਲ ਹੀ ਬੋਰਡ ਉੱਪਰ ਕਾਰਜਕਾਰੀ ਅਧਿਕਾਰੀਆਂ ਦੇ ਨਾਮ ਅਤੇ ਸੰਪਰਕ ਨੰਬਰ ਵੀ ਦਰਸਾਏ ਜਾਣ ਤਾਂ ਜੋ ਨਾਗਰਿਕ ਸਿੱਧੇ ਸ਼ਿਕਾਇਤ ਜਾਂ ਸੁਝਾਅ ਦੇ ਸਕਣ।ਮੇਅਰ ਨੇ ਕਿਹਾ ਕਿ ਜੇ ਕੋਈ ਠੇਕੇਦਾਰ ਇਹ ਨਿਰਦੇਸ਼ਾਂ ਦੀ ਉਲੰਘਣਾ ਕਰਦਾ ਹੈ ਜਾਂ ਬੋਰਡ ਬਿਨਾ ਕੰਮ ਸ਼ੁਰੂ ਕਰਦਾ ਹੈ, ਤਾਂ ਉਸਦੇ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇਗੀ ਅਤੇ ਉਸਦੀ ਅਗਲੀ ਟੈਂਡਰ ਭਰਤੀ ‘ਤੇ ਵੀ ਰੋਕ ਲਗ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਨਾ ਸਿਰਫ਼ ਲੋਕਾਂ ਨੂੰ ਕੰਮ ਬਾਰੇ ਸਹੀ ਜਾਣਕਾਰੀ ਮਿਲੇਗੀ, ਸਗੋਂ ਜਵਾਬਦੇਹੀ ਅਤੇ ਗੁਣਵੱਤਾ ਦੋਵੇਂ ਵਿੱਚ ਸੁਧਾਰ ਆਵੇਗਾ।ਮੇਅਰ ਗੋਗੀਆ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਹੈ ਕਿ ਪਟਿਆਲਾ ਦੀਆਂ ਸੜਕਾਂ ‘ਤੇ ਨਿਕਲਣ ਵਾਲੇ ਹਰ ਨਾਗਰਿਕ ਨੂੰ ਸੁਖਵੀਂ ਯਾਤਰਾ ਮਿਲ ਸਕੇ ਅਤੇ ਕੰਮ ਦਿਖਾਈ ਦੇਣ ਦੇ ਨਾਲ ਨਾਲ ਸਬੰਧਤ ਠੇਕੇਦਾਰ ਜਵਾਬਦੇਹ ਵੀ ਹੋਵੇ। ਇਸ ਮੌਕੇ ਠੇਕੇਦਾਰ ਤਰਸੇਮ ਕੁਮਾਰ, ਵਾਰਡ ਨੰਬਰ 15 ਦੇ ਐਮਸੀ ਮੈਡਮ ਤਜਿੰਦਰ ਕੌਰ , ਜੇਈ ਜਗਜੀਤ ਸਿੰਘ ਅਤੇ ਹੋਰ ਅਧਿਕਾਰੀ ਮੌਕੇ ਤੇ ਮੌਜੂਦ ਰਹੇ ।