ਸੂਬਾ ਕਾਂਗਰਸ ਕਮੇਟੀ ਲਈ ਸਿੱਧੂ-ਕੈਪਟਨ ਨਾਲ ਮੀਟਿੰਗ ਕਰਨਗੇ ਹਰੀਸ਼ ਰਾਵਤ

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਨਿਯੁਕਤ ਕੀਤੇ ਗਏ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਲਈ 23 ਜੁਲਾਈ ਨੂੰ ਚੰਡੀਗੜ੍ਹ ਪਹੁੰਚ ਰਹੇ ਸੂਬਾ ਇੰਚਾਰਜ ਹਰੀਸ਼ ਰਾਵਤ (Harish Rawat) ਸੂਬਾ ਕਾਰਜਕਾਰਨੀ ਸਬੰਧੀ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨਗੇ। ਦੱਸਿਆ ਜਾ ਰਿਹਾ ਹੈ ਕਿ 23 ਜੁਲਾਈ ਨੂੰ ਤਾਜਪੋਸ਼ੀ ਤੋਂ ਬਾਅਦ ਰਾਵਤ ਸਿੱਧੂ ਨਾਲ ਰਾਜ ਦੇ ਕਾਰਜਕਾਰੀ ਅਤੇ ਜ਼ਿਲ੍ਹਾ ਮੁਖੀਆਂ ਦੀ ਨਿਯੁਕਤੀ ਸੰਬੰਧੀ ਚਾਰ ਕਾਰਜਕਾਰੀ ਪ੍ਰਧਾਨਾਂ ਨਾਲ ਵਿਚਾਰ ਵਟਾਂਦਰੇ ਕਰਨਗੇ। ਉਨ੍ਹਾਂ ਸਿੱਧੂ ਸਣੇ ਚਾਰ ਕਾਰਜਕਾਰੀ ਮੁਖੀਆਂ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸੰਭਾਵਤ ਸੂਚੀ ਤਿਆਰ ਕਰਨ ਲਈ ਕਿਹਾ ਹੈ।ਇਸ ਤੋਂ ਬਾਅਦ ਰਾਵਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt.Amarinder Singh) ਨਾਲ ਵੀ ਮੁਲਾਕਾਤ ਕਰਨਗੇ। ਇਸ ਬੈਠਕ ਵਿਚ ਰਾਜ ਕਾਰਜਕਾਰਨੀ ਸਮੇਤ ਮੰਤਰੀ ਮੰਡਲ ਦੇ ਸੰਭਾਵਿਤ ਤਬਦੀਲੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਦੋ ਸਾਲਾਂ ਤੋਂ ਪੰਜਾਬ ਕਾਂਗਰਸ ਦੀ ਕਾਰਜਕਾਰੀ ਕਮੇਟੀ ਦਾ ਗਠਨ ਨਹੀਂ ਹੋ ਸਕਿਆ। ਸੂਬਾ ਕਾਰਜਕਾਰਨੀ ਦਾ ਗਠਨ ਰਾਵਤ ਲਈ ਬਹੁਤ ਚੁਣੌਤੀ ਭਰਿਆ ਕਾਰਜ ਹੈ ਕਿਉਂਕਿ ਸਿੱਧੂ ਸਣੇ ਚਾਰੋ ਕਾਰਜਕਾਰੀ ਆਪਣੇ ਵਿਸ਼ੇਸ਼ ਲੋਕਾਂ ਨੂੰ ਇਸ ਵਿਚ ਸਥਾਨ ਦਿਵਾਉਣ ਦੀ ਕੋਸ਼ਿਸ਼ ਕਰਨਗੇ, ਜਦਕਿ ਕੈਪਟਨ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸੂਬਾ ਕਮੇਟੀ ਵਿਚ ਸਾਰੇ ਵਰਗਾਂ ਨੂੰ ਪ੍ਰਤੀਨਿਧਤਾ ਦੇਣ ਦੀ ਕੋਸ਼ਿਸ਼ ਕਰਨਗੇ |