ਐਡੀਸ਼ਨਲ ਐਸ.ਐਚ.ਓ. ਦੀ ਸੜਕ ਹਾਦਸੇ ‘ਚ ਹੋਈ ਮੌਤ

ਗੁਰਦਾਸਪੁਰ: ਭਾਰੀ ਧੁੰਦ ਕਾਰਨ ਬੀਤੀ ਦੇਰ ਰਾਤ ਧਾਰੀਵਾਲ ਥਾਣੇ ਦੇ ਐਡੀਸ਼ਨਲ ਐਸ.ਐਚ.ਓ. ਸੁਲੱਖਣ ਰਾਮ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਡਿਊਟੀ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ, ਇਸ ਲਈ ਉਨ੍ਹਾਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਬਿਹਤਰ ਇਲਾਜ ਲਈ ਅੰਮ੍ਰਿਤਸਰ ਲਿਜਾਣ ਦਾ ਫ਼ੈਸਲਾ ਕੀਤਾ। ਰਸਤੇ ਵਿੱਚ, ਜਿਸ ਐਂਬੂਲੈਂਸ ਵਿੱਚ ਉਨ੍ਹਾਂ ਨੂੰ ਲਿਜਾਇਆ ਜਾ ਰਿਹਾ ਸੀ, ਉਹ ਪਿੰਡ ਸੋਹਲ ਨੇੜੇ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੌਰਾਨ ਸੁਲੱਖਣ ਰਾਮ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਉਨ੍ਹਾਂ ਦੀ ਧੀ ਨੂੰ ਗੰਭੀਰ ਸੱਟਾਂ ਲੱਗੀਆਂ, ਇਸ ਦੇ ਨਾਲ ਹੀ , ਐਂਬੂਲੈਂਸ ਡਰਾਈਵਰ ਨੂੰ ਵੀ ਗੰਭੀਰ ਸੱਟਾਂ ਲੱਗੀਆਂ।ਜ਼ਿਕਰਯੋਗ ਹੈ ਕਿ ਬੀਤੀ ਦੇਰ ਸ਼ਾਮ ਭਾਰੀ ਧੁੰਦ ਸ਼ੁਰੂ ਹੋ ਗਈ ਸੀ ਅਤੇ ਰਾਸ਼ਟਰੀ ਰਾਜਮਾਰਗ ‘ਤੇ ਦ੍ਰਿਸ਼ਟੀ ਬਹੁਤ ਘੱਟ ਸੀ, ਜਿਸ ਕਾਰਨ ਇਹ ਸੜਕ ਹਾਦਸਾ ਵਾਪਰਿਆ। ਜਾਣਕਾਰੀ ਦਿੰਦੇ ਹੋਏ ਡੀ.ਐਸ.ਪੀ. ਧਾਰੀਵਾਲ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਦੀ ਸਿਹਤ ਥਾਣੇ ਦੇ ਅੰਦਰ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਇਸ ਤੋਂ ਬਾਅਦ ਜਦੋਂ ਉਹ ਅੰਮ੍ਰਿਤਸਰ ਲਈ ਰਵਾਨਾ ਹੋਏ ਤਾਂ ਦੇਰ ਰਾਤ ਐਂਬੂਲੈਂਸ ਹਾਦਸੇ ਕਾਰਨ ਉਨ੍ਹਾਂ ਦੀ ਦੁਖਦਾਈ ਮੌਤ ਦੀ ਖ਼ਬਰ ਸਾਹਮਣੇ ਆਈ।