ਸ਼ੰਭੂ ਰੇਲਵੇ ਟ੍ਰੈਕ ‘ਤੇ ਹੋਏ ਬੰਬ ਧਮਾਕੇ ‘ਚ ਮਾਰੇ ਗਏ ਜਗਰੂਪ ਸਿੰਘ ਦੇ ਘਰ ਪਹੁੰਚੀ ਐੱਨ.ਆਈ.ਏ. ਦੀ ਟੀਮ
ਤਰਨਤਾਰਨ : ਬੀਤੇ ਅਪ੍ਰੈਲ ਮਹੀਨੇ ਸ਼ੰਭੂ ਰੇਲਵੇ ਟ੍ਰੈਕ ‘ਤੇ ਹੋਏ ਬੰਬ ਧਮਾਕੇ ‘ਚ ਮਾਰੇ ਗਏ ਪਿੰਡ ਪੰਜਵੜ ਦੇ ਰਹਿਣ ਵਾਲੇ ਜਗਰੂਪ ਸਿੰਘ ਦੇ ਘਰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਟੀਮ ਪੁੱਜਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਸੂਤਰਾਂ ਅਨੁਸਾਰ , ਤਰਨਤਾਰਨ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਪੰਜਵੜ ਵਿੱਚ ਜਗਰੂਪ ਸਿੰਘ ਪੁੱਤਰ ਲਖਵਿੰਦਰ ਸਿੰਘ ਦੇ ਘਰ ਅੱਜ ਸਵੇਰੇ ਐਨ.ਆਈ.ਏ. ਦੀ ਟੀਮ ਅਚਾਨਕ ਪਹੁੰਚੀ। ਗੱਡੀਆਂ ਵਿੱਚ ਸਫ਼ਰ ਕਰ ਰਹੇ ਕਰੀਬ 8 ਤੋਂ 10 ਅਧਿਕਾਰੀਆਂ ਨੇ ਜਗਰੂਪ ਸਿੰਘ ਦੀ ਮਾਤਾ, ਪਤਨੀ, ਚਾਚਾ ਅਤੇ ਹੋਰ ਪਰਿਵਾਰਕ ਮੈਂਬਰਾਂ ਤੋਂ ਕਈ ਘੰਟੇ ਪੁੱਛਗਿੱਛ ਕੀਤੀ।ਸੂਤਰਾਂ ਤੋਂ ਪਤਾ ਲੱਗਾ ਹੈ ਕਿ ਵਿਦੇਸ਼ਾਂ ‘ਚ ਬੈਠੇ ਕਥਿਤ ਦੇਸ਼ ਵਿਰੋਧੀ ਅਨਸਰਾਂ ਵੱਲੋਂ ਜਗਰੂਪ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕਥਿਤ ਫੰਡਿੰਗ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਕਾਰਨ ਟੀਮ ਜਗਰੂਪ ਸਿੰਘ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਮੋਬਾਈਲ ਫੋਨ ਅਤੇ ਕੁਝ ਦਸਤਾਵੇਜ਼ ਆਪਣੇ ਨਾਲ ਲੈ ਗਈ। ਪਰਿਵਾਰਕ ਮੈਂਬਰਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਐਨ.ਆਈ.ਏ. ਦੀ ਟੀਮ ਵਾਪਸ ਪਰਤ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਵੀ ਇਸ ਕਾਰਵਾਈ ਦਾ ਕੋਈ ਸੁਰਾਗ ਨਹੀਂ ਲੱਗਣ ਦਿੱਤਾ ਗਿਆ।
SikhDiary