ਜਲੰਧਰ ‘ਚ ਇਕ ਵਾਰ ਫਿਰ ਬੰਬ ਧਮਾਕੇ ਦੀ ਮਿਲੀ ਧਮਕੀ

ਜਲੰਧਰ : ਜਲੰਧਰ ‘ਚ ਇਕ ਵਾਰ ਫਿਰ ਬੰਬ ਧਮਾਕੇ ਦੀ ਧਮਕੀ ਮਿਲਣ ਨਾਲ ਹੜਕੰਪ ਮਚ ਗਿਆ ਹੈ । ਇਸ ਵਾਰ ਸ਼ਹਿਰ ਦੇ ਦੋ ਸਕੂਲਾਂ ਦੇ ਨਾਲ-ਨਾਲ ਰੇਲਵੇ ਟਰੈਕ ਨੂੰ ਵੀ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਗਈ ਹੈ। ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ।ਜਾਣਕਾਰੀ ਮੁਤਾਬਕ ਆਰਮੀ ਪਬਲਿਕ ਸਕੂਲ ਅਤੇ ਏ.ਪੀ.ਐਸ. ਪਬਲਿਕ ਸਕੂਲ ਨੂੰ ਈ-ਮੇਲ ਰਾਹੀਂ ਬੰਬ ਦੀ ਧਮਕੀ ਦਿੱਤੀ ਗਈ ਹੈ। ਈ-ਮੇਲ ਵਿੱਚ ਕਿਹਾ ਗਿਆ ਹੈ ਕਿ ਅੱਜ ਦੁਪਹਿਰ 12:11 ਵਜੇ ਸਕੂਲਾਂ ਵਿੱਚ ਧਮਾਕੇ ਹੋਣਗੇ। ਇਸ ਤੋਂ ਇਲਾਵਾ ਰੇਲਵੇ ਟਰੈਕ ‘ਤੇ ਆਈ.ਈ.ਡੀ. ਬਲਾਸਟ ਕਰਨ ਦੀ ਧਮਕੀ ਵੀ ਦਿੱਤੀ ਗਈ ਹੈ। ਈ-ਮੇਲ ‘ਚ 1 ਨਵੰਬਰ ਨੂੰ ਦਿੱਲੀ ਜਾਣ ਵਾਲੀਆਂ ਰੇਲ ਗੱਡੀਆਂ ‘ਚ ਸਫ਼ਰ ਨਾ ਕਰਨ ਦੀ ਚਿਤਾਵਨੀ ਦਿੰਦੇ ਹੋਏ ਅੰਮ੍ਰਿਤਸਰ, ਫਿਰੋਜ਼ਪੁਰ, ਲੁਧਿਆਣਾ ਅਤੇ ਬਠਿੰਡਾ ਦੇ ਰੇਲਵੇ ਟਰੈਕ ‘ਤੇ ਧਮਾਕਿਆਂ ਦਾ ਜ਼ਿਕਰ ਕੀਤਾ ਗਿਆ ਹੈ।ਇਸ ਦੇ ਨਾਲ ਹੀ ਰਾਹੁਲ ਗਾਂਧੀ ਦੇ ਸੰਗਰੂਰ ਦੌਰੇ ਦੌਰਾਨ ਧਮਾਕੇ ਦੀ ਧਮਕੀ ਵੀ ਦਿੱਤੀ ਗਈ ਹੈ।ਧਮਕੀ ਭਰੀ ਈ-ਮੇਲ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੁਰੱਖਿਆ ਕਾਰਨਾਂ ਕਰਕੇ ਦੋਵਾਂ ਸਕੂਲਾਂ ਦੀਆਂ ਇਮਾਰਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਰੇਲਵੇ ਟਰੈਕ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੂੰ ਵੀ ਅਲਰਟ ਕਰ ਦਿੱਤਾ ਗਿਆ ਹੈ। ਫਿਲਹਾਲ ਧਮਕੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਕੀਤੀ ਜਾ ਰਹੀ ਹੈ।