ਪ੍ਰਾਈਵੇਟ ਸਕੂਲ ਦੀ ਬੱਸ ਭਿਆਨਕ ਹਾਦਸੇ ਦਾ ਹੋਈ ਸ਼ਿਕਾਰ

ਗੁਰਾਇਆ : ਥਾਣਾ ਗੁਰਾਇਆ ਦੇ ਪਿੰਡ ਢੰਡਵਾਂ ਫਾਟਕ ਨੇੜੇ ਇਕ ਪ੍ਰਾਈਵੇਟ ਸਕੂਲ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਮੁਤਾਬਕ ਤੇਜ਼ ਰਫ਼ਤਾਰ ਕਾਰਨ ਬੱਸ ਬੇਕਾਬੂ ਹੋ ਕੇ ਮੋਟਰ ‘ਤੇ ਲੱਗੇ ਸੋਲਰ ਪਲਾਂਟ ਨਾਲ ਜਾ ਟਕਰਾਈ। ਬੱਸ ਵਿੱਚ ਕਰੀਬ 25 ਸਕੂਲੀ ਬੱਚੇ ਸਵਾਰ ਸਨ। ਖੁਸ਼ਕਿਸਮਤੀ ਰਹੀ ਕਿ ਹਾਦਸੇ ਵਿੱਚ ਕੋਈ ਵੀ ਬੱਚਾ ਜ਼ਖਮੀ ਨਹੀਂ ਹੋਇਆ ਅਤੇ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ ।ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 112 ਹਰਭਜਨ ਸਿੰਘ ਗਿੱਲ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ। ਉਥੇ ਮੌਜੂਦ ਪੈਦਲ ਯਾਤਰੀਆਂ ਅਤੇ ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਬੱਸ ਦੇ ਬੇਕਾਬੂ ਹੋਣ ਕਾਰਨ ਵਾਪਰਿਆ। ਦੂਜੇ ਪਾਸੇ ਬੱਸ ਚਾਲਕ ਰਮਨਦੀਪ ਸਿੰਘ ਪੁੱਤਰ ਤੀਰਥ ਚੰਦ ਨੇ ਦੱਸਿਆ ਕਿ ਬੱਸ ਦੀਆਂ ਬਰੇਕਾਂ ਨਹੀਂ ਲੱਗੀਆਂ, ਜਿਸ ਕਾਰਨ ਬੱਸ ਸੋਲਰ ਪਲਾਂਟ ਵਿੱਚ ਜਾ ਵੱਜੀ। ਉਨ੍ਹਾਂ ਦੱਸਿਆ ਕਿ ਕਰੀਬ ਅੱਧੇ ਘੰਟੇ ਬਾਅਦ ਬੱਸ ਮਾਲਕ ਮੌਕੇ ‘ਤੇ ਪਹੁੰਚ ਗਏ। ਕਾਫੀ ਮਿਹਨਤ ਤੋਂ ਬਾਅਦ ਬੱਸ ਨੂੰ ਸੋਲਰ ਪਲਾਂਟ ਦੇ ਹੇਠਾਂ ਤੋਂ ਬਾਹਰ ਕੱਢਿਆ ਗਿਆ। ਇਸ ਤੋਂ ਬਾਅਦ ਵੀ ਵਾਰ-ਵਾਰ ਬੱਸ ਦੀਆਂ ਬ੍ਰੇਕਾਂ ਲਗਾ ਕੇ ਚੈਕਿੰਗ ਕੀਤੀ ਗਈ। ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਮੌਕੇ ‘ਤੇ ਬੱਸ ਚਾਲਕ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਸੀ।ਇਸ ਮੌਕੇ ਹਰਕੀਤ ਸਿੰਘ ਢੰਡਵਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਕੂਲੀ ਬੱਸਾਂ ਦੀ ਵਿਸ਼ੇਸ਼ ਚੈਕਿੰਗ ਕੀਤੀ ਜਾਵੇ ਅਤੇ ਜਿਨ੍ਹਾਂ ਬੱਸਾਂ ਦੇ ਦਸਤਾਵੇਜ਼ ਅਧੂਰੇ ਹਨ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਹਾਦਸੇ ਦੌਰਾਨ ਹੋਏ ਨੁਕਸਾਨ ਦਾ ਮੁਆਵਜ਼ਾ ਮੋਟਰ ਮਾਲਕ ਨੂੰ ਦਿੱਤਾ ਜਾਵੇ। ਇਸ ਸਬੰਧੀ ਥਾਣਾ 112 ਦੇ ਐਸ.ਐਚ.ਓ. ਹਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਜਦੋਂ ਬੱਸ ਚਾਲਕ ਤੋਂ ਡਰਾਈਵਿੰਗ ਲਾਇਸੈਂਸ ਮੰਗਿਆ ਗਿਆ ਤਾਂ ਮੌਕੇ ’ਤੇ ਉਸ ਕੋਲ ਲਾਇਸੈਂਸ ਨਹੀਂ ਸੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕਰਕੇ ਪੁਲਿਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।