ਪੰਜਾਬ ਪੁਲਿਸ ਦਾ ਐੱਸ.ਐੱਚ.ਓ. 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
ਪਠਾਨਕੋਟ : ਵਿਜੀਲੈਂਸ ਟੀਮ ਨੇ ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਸੁਜਾਨਪੁਰ ਦੇ ਥਾਣਾ ਧਾਰਕਲਾਂ ਵਿਖੇ ਤਾਇਨਾਤ ਐੱਸ.ਐੱਚ.ਓ. ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੇ ਰਹਿਣ ਵਾਲੇ ਇੱਕ ਹੋਟਲ ਮਾਲਕ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੀ ਹੋਟਲ ‘ਚ ਇਕ ਵੇਟਰ ਅਤੇ ਕੁਝ ਲੋਕਾਂ ਵਿਚਕਾਰ ਲੜਾਈ ਹੋਈ ਸੀ। ਇਸ ਮਾਮਲੇ ਨੂੰ ਲੈ ਕੇ ਐੱਸ.ਐੱਚ.ਓ. ਹੋਟਲ ਮਾਲਕ ਖ਼ਿਲਾਫ਼ ਨਾਜਾਇਜ਼ ਕੇਸ ਦਰਜ ਕਰਨ ਦੀਆਂ ਧਮਕੀਆਂ ਵੀ ਦੇ ਰਿਹਾ ਸੀ।ਦੋਸ਼ ਹੈ ਕਿ ਐੱਸ.ਐੱਚ.ਓ. ਕੇਸ ਦਰਜ ਨਾ ਕਰਨ ਅਤੇ ਮਾਮਲੇ ਨੂੰ ਦਬਾਉਣ ਲਈ 5 ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਬਾਅਦ ਵਿੱਚ ਸਾਰਾ ਮਾਮਲਾ ਢਾਈ ਲੱਖ ਰੁਪਏ ਵਿੱਚ ਤੈਅ ਹੋ ਗਿਆ। ਹੋਟਲ ਮਾਲਕ ਦੀ ਸ਼ਿਕਾਇਤ ਦੇ ਆਧਾਰ ‘ਤੇ ਵਿਜੀਲੈਂਸ ਨੇ ਜਾਲ ਵਿਛਾ ਕੇ ਛਾਪੇਮਾਰੀ ਕੀਤੀ। ਜਿਵੇਂ ਹੀ ਐੱਸ.ਐੱਚ.ਓ. ਨੇ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 1,00,000 ਰੁਪਏ ਲਏ ਤਾਂ ਵਿਜੀਲੈਂਸ ਟੀਮ ਨੇ ਉਸ ਨੂੰ ਮੌਕੇ ‘ਤੇ ਹੀ 1 ਲੱਖ ਰੁਪਏ ਦੀ ਨਕਦੀ ਸਮੇਤ ਕਾਬੂ ਕਰ ਲਿਆ।
SikhDiary