ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਗੁਰਦਾਸਪੁਰ ‘ਚ ਬਿਕਰਮਜੀਤ ਸਿੰਘ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਗੁਰਦਾਸਪੁਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੌਰੇ ‘ਤੇ ਹਨ। ਆਪਣੇ ਦੌਰੇ ਦੀ ਸ਼ੁਰੂਆਤ ਕਰਦੇ ਹੋਏ ਉਹ ਗੁਰਦਾਸਪੁਰ ਦੇ ਪਿੰਡ ਮਾੜੀ ਪੰਨੂਆ ਪਹੁੰਚੇ, ਜਿੱਥੇ ਉਨ੍ਹਾਂ ਨੇ ਬਿਕਰਮਜੀਤ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ , ਜਿਨ੍ਹਾਂ ਦੀ ਨਸ਼ੇ ਦਾ ਵਿਰੋਧ ਕਰਨ ‘ਤੇ ਹੱਤਿਆ ਕਰ ਦਿੱਤੀ ਗਈ ਸੀ । ਇਸ ਦੌਰਾਨ ਉਨ੍ਹਾਂ ਬਿਕਰਮਜੀਤ ਸਿੰਘ ਦੇ ਪਰਿਵਾਰ ਨਾਲ 15 ਮਿੰਟ ਤੱਕ ਮੁਲਾਕਾਤ ਕੀਤੀ। ਮੌਕੇ ‘ਤੇ ਪਰਿਵਾਰ ਨੇ ਅਮਿਤ ਸ਼ਾਹ ਨੂੰ ਲਿਖਤੀ ਰੂਪ ‘ਚ ਆਪਣੀਆਂ ਮੰਗਾਂ ਸੌਂਪੀਆਂ। ਮੀਟਿੰਗ ਤੋਂ ਬਾਅਦ ਅਮਿਤ ਸ਼ਾਹ ਹੈਲੀਪੈਡ ਲਈ ਰਵਾਨਾ ਹੋ ਗਏ ਹਨ, ਜਿੱਥੋਂ ਉਹ ਹੁਣ ਸੰਗਰੂਰ ਸਥਿਤ ਗੁਲਜ਼ਾਰ ਦੇ ਘਰ ਜਾਣਗੇ।ਜਾਣਕਾਰੀ ਮੁਤਾਬਕ ਗੁਰਦਾਸਪੁਰ ਤੋਂ ਬਾਅਦ ਅਮਿਤ ਸ਼ਾਹ ਦਾ ਅਗਲਾ ਸਟਾਪ ਸੰਗਰੂਰ ਹੋਵੇਗਾ। ਉਹ ਸੰਗਰੂਰ ਜ਼ਿਲ੍ਹੇ ਦੇ ਦਿੜਬਾ ਵਿਧਾਨ ਸਭਾ ਹਲਕੇ ਦੇ ਪਿੰਡ ਤੂਰ ਬੰਜਾਰਾ ਜਾਣਗੇ। ਇਸੇ ਪਿੰਡ ਵਿੱਚ ਗੁਲਜ਼ਾਰ ਸਿੰਘ ਨੇ ਕਥਿਤ ਤੌਰ ’ਤੇ ਖੁਦਕੁਸ਼ੀ ਕਰ ਲਈ ਸੀ। ਉਹ ਉਥੇ ਗੁਲਜ਼ਾਰ ਸਿੰਘ ਦੇ ਪਰਿਵਾਰ ਨੂੰ ਮਿਲਣਗੇ ਅਤੇ ਉਨ੍ਹਾਂ ਦਾ ਦੁੱਖ ਸਾਂਝਾ ਕਰਨਗੇ।ਇਸ ਤੋਂ ਬਾਅਦ ਗ੍ਰਹਿ ਮੰਤਰੀ ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਘਰ ਜਾਣਗੇ। ਝੋਟਾ ਦਾ ਕਤਲ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਕਾਰਨ ਹੋਇਆ ਸੀ। ਉੱਥੇ, ਇੱਕ ਸਥਾਨਕ ਪਾਰਕ ਵਿੱਚ, ਉਹ ਝੋਟਾ ਦੇ ਪਿਤਾ, ਪਤਨੀ ਅਤੇ ਪੁੱਤਰਾਂ ਨੂੰ ਮਿਲਣਗੇ। ਅਮਿਤ ਸ਼ਾਹ ਦੇ ਦੌਰੇ ਦਾ ਆਖਰੀ ਪੜਾਅ ਲੁਧਿਆਣਾ ਹੋਵੇਗਾ। ਉਹ ਸ਼ਾਮ ਨੂੰ ਦਰੇਸੀ ਗਰਾਊਂਡ ਵਿਖੇ ਸ਼ਹਿਰ ਦੇ ਸਭ ਤੋਂ ਵੱਡੇ ਦੁਸਹਿਰਾ ਮੇਲੇ ਵਿੱਚ ਸ਼ਿਰਕਤ ਕਰਨਗੇ ਅਤੇ ਰਾਵਣ ਦਾ ਪੁਤਲਾ ਫੂਕਣਗੇ।