ਮੁਫ਼ਤ ਸੈਨੇਟਰੀ ਪੈਡ ਯੋਜਨਾ ’ਤੇ ਪੰਜਾਬ ਸਰਕਾਰ ਨੇ ਖ਼ਰਚੇ 9.75 ਕਰੋੜ ਰੁਪਏ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਸਿਹਤ ਅਤੇ ਮਾਸਿਕ ਧਰਮ ਦੌਰਾਨ ਸਫ਼ਾਈ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ ਮੁਫ਼ਤ ਸੈਨੇਟਰੀ ਪੈਡ ਯੋਜਨਾ ਤਹਿਤ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਲਾਭ ਮਿਲ ਰਿਹਾ ਹੈ। ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਮੁਤਾਬਕ, ਚਾਲੂ ਮਾਲੀ ਸਾਲ ਦੌਰਾਨ ਇਸ ਯੋਜਨਾ ’ਤੇ 9.75 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ ਅਤੇ 2.45 ਕਰੋੜ ਤੋਂ ਵੱਧ ਸੈਨੇਟਰੀ ਪੈਡ ਵੰਡੇ ਗਏ ਹਨ। ਇਸ ਨਾਲ ਸੂਬੇ ਦੀਆਂ 13.65 ਲੱਖ ਤੋਂ ਵੱਧ ਔਰਤਾਂ ਲਾਭਵਾਨ ਹੋਈਆਂ ਹਨ।ਡਾ. ਬਲਜੀਤ ਕੌਰ ਨੇ ਕਿਹਾ ਕਿ ਮਾਸਿਕ ਧਰਮ ਦੌਰਾਨ ਸਫ਼ਾਈ ਉਤਪਾਦਾਂ ਦੀ ਸਹੂਲਤ ਮਿਲਣਾ ਔਰਤਾਂ ਦੀ ਸਿਹਤ, ਸਨਮਾਨ ਅਤੇ ਆਤਮ-ਵਿਸ਼ਵਾਸ ਲਈ ਮਹੱਤਵਪੂਰਨ ਹੈ। ਇਸ ਯੋਜਨਾ ਨਾਲ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਦੀਆਂ ਔਰਤਾਂ ਨੂੰ ਸੈਨੇਟਰੀ ਪੈਡ ਖਰੀਦਣ ’ਤੇ ਹੋਣ ਵਾਲੇ ਖ਼ਰਚ ਤੋਂ ਰਾਹਤ ਮਿਲ ਰਹੀ ਹੈ। ਇਸ ਦੇ ਨਾਲ ਹੀ ਮਾਸਿਕ ਧਰਮ ਦੀ ਸਫ਼ਾਈ ਬਾਰੇ ਜਾਗਰੂਕਤਾ ਫੈਲਾਉਣ ਵਿੱਚ ਵੀ ਮਦਦ ਮਿਲ ਰਹੀ ਹੈ।ਮੰਤਰੀ ਨੇ ਦੱਸਿਆ ਕਿ ‘ਨਵੀਂ ਦਿਸ਼ਾ’ ਯੋਜਨਾ ਤਹਿਤ ਯੋਗ ਔਰਤਾਂ ਨੂੰ ਪੰਜਾਬ ਦੇ 27,314 ਆਂਗਣਵਾੜੀ ਕੇਂਦਰਾਂ ਰਾਹੀਂ ਹਰ ਮਹੀਨੇ 9 ਸੈਨੇਟਰੀ ਪੈਡ ਮੁਫ਼ਤ ਦਿੱਤੇ ਜਾ ਰਹੇ ਹਨ। ਇਸ ਪ੍ਰਬੰਧ ਨਾਲ ਪੇਂਡੂ ਅਤੇ ਪੱਛੜੇ ਇਲਾਕਿਆਂ ਵਿੱਚ ਰਹਿਣ ਵਾਲੀਆਂ ਔਰਤਾਂ ਤੱਕ ਵੀ ਸਫ਼ਾਈ ਉਤਪਾਦਾਂ ਦੀ ਨਿਯਮਿਤ ਪਹੁੰਚ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਪਹਿਲ ਦਾ ਮਕਸਦ ਸਿਰਫ਼ ਮੁਫ਼ਤ ਸੈਨੇਟਰੀ ਪੈਡ ਮੁਹੱਈਆ ਕਰਵਾਉਣਾ ਹੀ ਨਹੀਂ, ਸਗੋਂ ਮਾਸਿਕ ਧਰਮ ਨਾਲ ਜੁੜੀਆਂ ਰੂੜ੍ਹੀਵਾਦੀ ਸੋਚਾਂ ਅਤੇ ਗ਼ਲਤਫ਼ਹਿਮੀਆਂ ਨੂੰ ਵੀ ਦੂਰ ਕਰਨਾ ਹੈ। ਇਸ ਰਾਹੀਂ ਔਰਤਾਂ ਅਤੇ ਕਿਸ਼ੋਰੀਆਂ ਨੂੰ ਸਫ਼ਾਈ ਦੀਆਂ ਚੰਗੀਆਂ ਆਦਤਾਂ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।