ਕੈਨੇਡਾ ‘ਚ ਡਿਊਟੀ ਦੌਰਾਨ ਗੰਭੀਰ ਜ਼ਖਮੀ ਹੋਏ ਓ.ਪੀ.ਪੀ. ਦੇ ਕਾਂਸਟੇਬਲ ਤਰੁਣ ਬਾਲੀ ਦਾ ਹੋਇਆਂ ਦੇਹਾਂਤ
ਕੈਨੇਡਾ: ਕੈਨੇਡਾ ਦੇ ਓਨਟਾਰੀਓ ਸੂਬੇ ‘ਚ ਡਿਊਟੀ ਦੌਰਾਨ ਗੰਭੀਰ ਜ਼ਖਮੀ ਹੋਏ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (ਓ.ਪੀ.ਪੀ.) ਦੇ ਕਾਂਸਟੇਬਲ ਤਰੁਣ ਬਾਲੀ ਦਾ ਦੇਹਾਂਤ ਹੋ ਗਿਆ। ਜਦਕਿ ਉਸਦਾ ਇੱਕ ਹੋਰ ਸਾਥੀ ਵੀ ਗੰਭੀਰ ਜ਼ਖਮੀ ਹੈ।ਨੰਗਲ ਦਾ ਰਹਿਣ ਵਾਲਾ ਸੀ ਤਰੁਣ ਬਾਲੀ ਪੁਲਿਸ ਵਿਭਾਗ ਨੇ ਬੀਤੇ ਦਿਨ ਇਸ ਦੀ ਪੁਸ਼ਟੀ ਕੀਤੀ। ਤਰੁਣ ਬਾਲੀ ਪੰਜਾਬ ਦੇ ਲੁਧਿਆਣਾ ਤੋਂ ਕੇਸਰੀ ਗਰੁੱਪ ਦੇ ਪੱਤਰਕਾਰ ਮੁਕੇਸ਼ ਗੌਤਮ ਦੀ ਵੱਡੀ ਭੈਣ ਨੀਨਾ ਬਾਲੀ ਦਾ ਛੋਟਾ ਪੁੱਤਰ ਸੀ। ਨੰਗਲ ਦੇ ਸ਼ਿਵਾਲਿਕ ਐਵੀਨਿਊ ਰਹਿਣ ਵਾਲੇ ਅਸ਼ੋਕ ਬਾਲੀ ਦਾ ਛੋਟਾ ਪੁੱਤਰ ਤਰੁਣ ਬਾਲੀ ਕਰੀਬ ਢਾਈ ਸਾਲ ਪਹਿਲਾਂ ਡਿਊਟੀ ਜੁਆਇਨ ਹੋਇਆ ਸੀ। ਅਸ਼ੋਕ ਬਾਲੀ ਆਪਣੇ ਪਰਿਵਾਰ ਸਮੇਤ ਨੰਗਲ ਛੱਡ ਕੇ ਟੋਰਾਂਟੋ ਚਲਾ ਗਿਆ। ਕਰੀਬ ਦੋ ਸਾਲ ਪਹਿਲਾਂ ਤਰੁਣ ਬਾਲੀ ਦਾ ਵਿਆਹ ਕੈਨੇਡਾ ਵਿੱਚ ਰਹਿੰਦੀ ਪੰਜਾਬੀ ਮੂਲ ਦੀ ਲੜਕੀ ਕੋਮਲ ਨਾਲ ਹੋਇਆ ਸੀ। ਜਾਣਕਾਰੀ ਅਨੁਸਾਰ ਕਾਂਸਟੇਬਲ ਤਰੁਣ ਬਾਲੀ ਡਫਰਿਨ ਡਿਟੈਚਮੈਂਟ ‘ਚ ਤਾਇਨਾਤ ਸੀ ਅਤੇ ਪਿਛਲੇ ਢਾਈ ਸਾਲਾਂ ਤੋਂ ਪੁਲਿਸ ਦੀ ਨੌਕਰੀ ਕਰ ਰਿਹਾ ਸੀ। ਇਨ੍ਹੀਂ ਦਿਨੀਂ ਉਹ ਜੇਮਸ ਬੇ ਡਿਟੈਚਮੈਂਟ ਨਾਲ ਵਿਸ਼ੇਸ਼ ਡਿਊਟੀ ‘ਤੇ ਤਾਇਨਾਤ ਸੀ। ਤਰੁਣ ਬਾਲੀ ਦੇ ਦੇਹਾਂਤ ਦੀ ਖ਼ਬਰ ਮਿਲਦੇ ਹੀ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ।ਮਾਮਲੇ ‘ਚ 18 ਸਾਲਾ ਵਿਅਕਤੀ ਨੂੰ ਹਿਰਾਸਤ ‘ਚ ਲਿਆ ਬੀਤੇ ਦਿਨ ਦੁਪਹਿਰ ਲਗਭਗ 12:30 ਵਜੇ, ਪੁਲਿਸ ਟੀਮ ਓਨਟਾਰੀਓ ਦੇ ਹਰਸਟ ਖੇਤਰ ਵਿੱਚ ਕੇਂਡਲ ਕਨਸੈਸ਼ਨ ਰੋਡ-7 ਅਤੇ ਕਨਸੈਸ਼ਨ ਰੋਡ-6 ਦੇ ਨੇੜੇ ਜਾਂਚ ਕਰ ਰਹੀ ਸੀ। ਇਸ ਘਟਨਾ ਦੌਰਾਨ ਕਾਂਸਟੇਬਲ ਬਾਲੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਬਾਅਦ ਵਿਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ 18 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਸਪਤਾਲ ਤੋਂ ਫਰਾਰ ਹੋਏ ਇੱਕ 18 ਸਾਲਾ ਸ਼ੱਕੀ ਵਿਅਕਤੀ ਨੇ ਕਾਂਸਟੇਬਲ ਬਾਲੀ ਨੂੰ ਕਥਿਤ ਤੌਰ ’ਤੇ ਗੱਡੀ ਨਾਲ ਟੱਕਰ ਮਾਰ ਕੇ ਜ਼ਖ਼ਮੀ ਕਰ ਦਿੱਤਾ।ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਖ਼ਿਲਾਫ਼ ਫਰਸਟ ਡਿਗਰੀ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਓ.ਪੀ.ਪੀ. ਕ੍ਰਿਮੀਨਲ ਇਨਵੈਸਟੀਗੇਸ਼ਨ ਬ੍ਰਾਂਚ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ। ਚੀਫ ਕੋਰੋਨਰ ਦਾ ਦਫ਼ਤਰ ਅਤੇ ਓਨਟਾਰੀਓ ਫੋਰੈਂਸਿਕ ਪੈਥੋਲੋਜੀ ਸਰਵਿਸ ਵੀ ਜਾਂਚ ਵਿੱਚ ਸਹਾਇਤਾ ਕਰ ਰਹੇ ਹਨ। ਸੂਤਰਾਂ ਅਨੁਸਾਰ ਕਾਂਸਟੇਬਲ ਬਾਲੀ ਦੀ ਲਾਸ਼ ਨੂੰ ਪੋਸਟਮਾਰਟਮ ਅਤੇ ਹੋਰ ਟੈਸਟਾਂ ਲਈ ਟੋਰਾਂਟੋ ਸਥਿਤ ਚੀਫ ਕੋਰੋਨਰ ਦਫ਼ਤਰ ਲਿਜਾਇਆ ਜਾਵੇਗਾ। ਉਨ੍ਹਾਂ ਦੇ ਸਨਮਾਨ ਵਿੱਚ, ਐਮਰਜੈਂਸੀ ਵਾਹਨਾਂ ਦਾ ਇੱਕ ਵਿਸ਼ੇਸ਼ ਕਾਫਲਾ ਲਗਭਗ 10 ਘੰਟੇ ਦੇ ਸਫ਼ਰ ਦੌਰਾਨ ਲਾਸ਼ ਦੇ ਨਾਲ ਜਾਵੇਗਾ।
SikhDiary