ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਦਾ ਵਿਸ਼ੇਸ਼ ਜਥਾ ਅੱਜ ਪਾਕਿਸਤਾਨ ਲਈ ਹੋਇਆ ਰਵਾਨਾ
ਅੰਮ੍ਰਿਤਸਰ : ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦਾ ਵਿਸ਼ੇਸ਼ ਜਥਾ ਅੱਜ ਪਾਕਿਸਤਾਨ ਦੇ ਇ ਤਿਹਾਸਕ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। “ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ” ਦੇ ਨਾਅਰਿਆਂ ਦਰਮਿਆਨ ਇਹ ਜਥਾ ਅਟਾਰੀ-ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਲਈ ਰਵਾਨਾ ਹੋਇਆ। ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਤੋਂ ਬਾਅਦ ਸ਼ਰਧਾਲੂ 20 ਜੂਨ ਤੱਕ ਭਾਰਤ ਪਰਤਣਗੇ।ਇਸ ਗਰੁੱਪ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ ਕਰ ਰਹੇ ਹਨ, ਜਦਕਿ ਗੁਰਮੀਤ ਸਿੰਘ ਬਹੂ ਨੂੰ ਮੀਤ ਆਗੂ ਬਣਾਇਆ ਗਿਆ ਹੈ। ਜਾਣਕਾਰੀ ਅਨੁਸਾਰ ਕੁੱਲ 561 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ 541 ਨੂੰ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਵੀਜ਼ਾ ਜਾਰੀ ਕੀਤਾ ਗਿਆ ਸੀ, ਜਦਕਿ 20 ਸ਼ਰਧਾਲੂਆਂ ਦੀਆਂ ਵੀਜ਼ਾ ਅਰਜ਼ੀਆਂ ਰੱਦ ਕਰ ਦਿੱਤੀਆਂ ਗਈਆਂ ਸਨ।ਸਮੂਹ ਸੰਗਤਾਂ ਨੇ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ, ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ, ਗੁਰਦੁਆਰਾ ਪੰਜਾ ਸਾਹਿਬ ਅਤੇ ਪਾਕਿਸਤਾਨ ਸਥਿਤ ਹੋਰ ਇ ਤਿਹਾਸਕ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨਾ ਉਨ੍ਹਾਂ ਦੀ ਜ਼ਿੰਦਗੀ ਦਾ ਸੁਪਨਾ ਸੀ। ਮੋਗਾ ਜ਼ਿਲ੍ਹੇ ਦੇ ਸ਼ਰਧਾਲੂ ਮੇਜਰ ਸਿੰਘ ਨੇ ਦੱਸਿਆ ਕਿ ਉਸ ਨੂੰ ਦਸ ਦਿਨਾਂ ਦਾ ਵੀਜ਼ਾ ਮਿਲ ਗਿਆ ਹੈ ਅਤੇ ਉਹ ਪਹਿਲੀ ਵਾਰ ਇਨ੍ਹਾਂ ਪਵਿੱਤਰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੂਰਾ ਪਰਿਵਾਰ ਇਸ ਯਾਤਰਾ ਨੂੰ ਲੈ ਕੇ ਬਹੁਤ ਖੁਸ਼ ਅਤੇ ਉਤਸ਼ਾਹਿਤ ਹੈ।ਪ੍ਰਸਿੱਧ ਲੇਖਕ ਤੇ ਸਮਾਜ ਸੇਵੀ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਨੇ ਕਿਹਾ ਕਿ ਜਿਨ੍ਹਾਂ ਧਾਰਮਿਕ ਅਸਥਾਨਾਂ ਲਈ ਉਹ ਵਰ੍ਹਿਆਂ ਤੋਂ ਅਰਦਾਸ ਕਰਦੇ ਆ ਰਹੇ ਸਨ, ਉਹ ਅੱਜ ਪੂਰਾ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਥਾ ਪਹਿਲਾਂ ਨਨਕਾਣਾ ਸਾਹਿਬ ਪੁੱਜੇਗਾ, ਜਿਸ ਤੋਂ ਬਾਅਦ ਉਹ ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਵੇਗਾ ਅਤੇ ਲਾਹੌਰ ਸਥਿਤ ਡੇਰਾ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਵਿਚ ਹਿੱਸਾ ਲਵੇਗਾ।ਸ਼ਰਧਾਲੂਆਂ ਦਾ ਕਹਿਣਾ ਹੈ ਕਿ ਇਹ ਯਾਤਰਾ ਕੇਵਲ ਧਾਰਮਿਕ ਹੀ ਨਹੀਂ ਸਗੋਂ ਸਿੱਖ ਇ ਤਿਹਾਸ, ਵਿਰਸੇ ਅਤੇ ਅਧਿਆਤਮਿਕਤਾ ਨਾਲ ਜੁੜਨ ਦਾ ਵੀ ਅਹਿਮ ਮੌਕਾ ਹੈ। ਇਸ ਯਾਤਰਾ ਨੂੰ ਲੈ ਕੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਵਿੱਚ ਵਿਸ਼ੇਸ਼ ਉਤਸ਼ਾਹ ਸੀ। ਸਮੂਹ ਸੰਗਤਾਂ ਨੇ ਗੁਰਧਾਮਾਂ ਦੇ ਦਰਸ਼ਨਾਂ ਦਾ ਮੌਕਾ ਮਿਲਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਯਾਤਰਾ ਦੀ ਸਫ਼ਲਤਾ ਅਤੇ ਸ਼ਾਂਤੀ ਲਈ ਅਰਦਾਸ ਕੀਤੀ ।
SikhDiary