ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘਾ 9 ਨਵੰਬਰ ਤੋਂ ਖੋਲ੍ਹਣ ਦਾ ਐਲਾਨ

ਪਾਕਿਸਤਾਨ ਨੇ ਨੌਂ ਨਵੰਬਰ ਤੋਂ ਪਵਿੱਤਰ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਦਾ ਐਲਾਨ ਕੀਤਾ ਹੈ। ਕਰਤਾਰਪੁਰ ਲਾਂਘੇ ਦਾ ਕੰਮ ਦੇਖ ਰਹੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਾਜੈਕਟ ਡਾਇਰੈਕਟਰ ਅਤੀਫ ਮਾਜਿਦ ਨੇ ਪਾਕਿਸਤਾਨੀ ਅਤੇ ਵਿਦੇਸ਼ੀ ਪੱਤਰਕਾਰਾਂ ਦੇ ਤਜਵੀਜ਼ਤ ਕਰਤਾਰਪੁਰ ਲਾਂਘੇ ਦੇ ਦੌਰੇ ਦੌਰਾਨ ਨਾਰੋਵਾਲ ਵਿੱਚ ਇਹ ਐਲਾਨ ਕੀਤਾ। ਨਾਰੋਵਾਲ ਲਾਹੌਰ ਤੋਂ 125 ਕਿਲੋਮੀਟਰ ਦੂਰ ਹੈ। ਉਨ੍ਹਾਂ ਕਿਹਾ ਕਿ ਲਾਂਘੇ ਦਾ 86 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਲਾਂਘਾ ਭਾਰਤ ਦੇ ਸਿੱਖ ਸ਼ਰਧਾਲੂਆਂ ਲਈ 9 ਨਵੰਬਰ ਨੂੰ ਖੋਲ੍ਹ ਦਿੱਤਾ ਜਾਵੇਗਾ। ਕਾਬਿਲੇਗੌਰ ਹੈ ਕਿ ਇਹ ਲਾਂਘਾ ਕਰਤਾਰਪੁਰ ਵਿਚਲੇ ਦਰਬਾਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਨਾਲ ਜੋੜੇਗਾ। ਇਸ ਲਾਂਘੇ ਰਾਹੀਂ ਸ਼ਰਧਾਲੂ ਬਿਨਾਂ ਵੀਜ਼ੇ ਦੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਸਕਣਗੇ। ਕਰਤਾਰਪੁਰ ਵਿਚ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਨੇ ਇਸ ਜਗ੍ਹਾ ਕਈ ਸਾਲ ਬਿਤਾਏ ਸਨ। ਪਾਕਿਸਤਾਨ ਵੱਲੋਂ ਭਾਰਤੀ ਸਰਹੱਦ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਤੱਕ ਅਤੇ ਭਾਰਤ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਸਰਹੱਦ ਤੱਕ ਲਾਂਘਾ ਬਣਾਇਆ ਜਾ ਰਿਹਾ ਹੈ। ਦੋਵੇਂ ਮੁਲਕ ਇਸ ਗੱਲ ’ਤੇ ਸਹਿਮਤ ਹੋਏ ਹਨ ਕਿ ਪਾਕਿਸਤਾਨ ਰੋਜ਼ਾਨਾ 5000 ਸਿੱਖ ਸੈਲਾਨੀਆਂ ਨੂੰ ਮੁਲਕ ਵਿੱਚ ਲਾਂਘੇ ਰਾਹੀਂ ਦਾਖਲ ਹੋਣ ਦੀ ਇਜਾਜ਼ਤ ਦੇਵੇਗਾ। ਮਾਜਿਦ ਨੇ ਕਿਹਾ ਕਿ ਭਾਰਤ ਦੇ 5 ਹਜ਼ਾਰ ਸ਼ਰਧਾਲੂਆਂ ਦੀ ਦੇਖਭਾਲ ਲਈ 76 ਇਮੀਗਰੇਸ਼ਨ ਕਾਊਂਟਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ ਭਾਰਤ ਤੋਂ 5 ਹਜ਼ਾਰ ਸਿੱਖ ਸ਼ਰਧਾਲੂ ਰੋਜ਼ਾਨਾ ਇਥੇ ਆਉਣਗੇ ਅਤੇ ਮਗਰੋਂ ਗਿਣਤੀ ਨੂੰ 10 ਹਜ਼ਾਰ ਤਕ ਵਧਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਨਵੀ ਦਿੱਲੀ ਵੱਲੋਂ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਬਾਅਦ ਤੋਂ ਇਕ ਪਾਸੇ ਜਿਥੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧ ਗਿਆ ਹੈ ਤੇ ਪਾਕਿਸਤਾਨ ਨੇ ਭਾਰਤ ਨਾਲ ਕੂਟਨੀਤਕ ਸਮਝੌਤੇ ਖਤਮ ਕਰਦਿਆਂ ਭਾਰਤੀ ਹਾਈ ਕਮਿਸ਼ਨਰ ਨੂੰ ਮੁਅੱਤਲ ਕਰ ਦਿੱਤਾ ਹੈ ਉਥੇ ਦੂਜੇ ਪਾਸੇ ਪਾਕਿਸਤਾਨ ਵਾਰ-ਵਾਰ ਕਹਿੰਦਾ ਰਿਹਾ ਹੈ ਕਿ ਭਾਰਤ ਨਾਲ ਮੌਜੂਦਾ ਤਣਾਅ ਦੇ ਬਾਵਜੂਦ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦਾ ਕੰਮ ਪ੍ਰਭਾਵਿਤ ਨਹੀਂ ਹੋਵੇਗਾ।