ਪਾਕਿ ਸਿੱਖ ਲੜਕੀ ਦੇ ਮਾਮਲੇ ਵਿੱਚ ਐੱਫਆਈਆਰ ਰੱਦ

ਪੱਛਮੀ ਪੰਜਾਬ ਦੀ ਪੁਲੀਸ ਨੇ ਇੱਕ ਨਾਬਾਲਗ ਸਿੱਖ ਲੜਕੀ ਦੇ ਕਥਿਤ ਉਧਾਲੇ ਅਤੇ ਉਸ ਦਾ ਧਰਮ ਤਬਦੀਲ ਕਰਕੇ ਮੁਸਲਿਮ ਬਣਾਉਣ ਦੇ ਦੋਸ਼ ਵਿੱਚ ਇੱਕ ਮੁਸਲਿਮ ਨੌਜਵਾਨ ਅਤੇ ਹੋਰਨਾਂ ਵਿਰੁੱਧ ਦਰਜ ਐੱਫਆਈਆਰ ਬੁੱਧਵਾਰ ਨੂੰ ਰੱਦ ਕਰ ਦਿੱਤੀ ਹੈ। ਉੱਚ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰਵਾਈ ਦੋਵਾਂ ਧਿਰਾਂ ਵਿੱਚ ਹੋਏ ਰਾਜ਼ੀਨਾਮੇ ਤੋਂ ਬਾਅਦ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਜਗਜੀਤ ਕੌਰ (19) ਜੋ ਕਿ ਨਨਕਾਣਾ ਸਾਹਿਬ ਵਿੱਚ ਇੱਕ ਗੁਰਦੁਆਰੇ ਦੇ ਗ੍ਰੰਥੀ ਦੀ ਧੀ ਹੈ, ਨੂੰ ਮੁਹੰਮਦ ਹਸਨ ਅਤੇ ਹੋਰਨਾਂ ਵੱਲੋਂ ਨਨਕਾਣਾ ਸਾਹਿਬ ਵਿੱਚੋਂ ਉਸਦੇ ਮੁਹੱਲੇ ਵਿੱਚੋਂ ਕਥਿਤ ਤੌਰ ਉੱਤੇ ਅਗਵਾ ਕਰ ਲਿਆ ਸੀ। ਬਾਅਦ ਵਿੱਚ ਉਸ ਦਾ ਮੁਹੰਮਦ ਹਸਨ ਦੇ ਨਾਲ ਕਥਿਤ ਤੌਰ ’ਤੇ ਨਿਕਾਹ ਵੀ ਕਰ ਦਿੱਤਾ ਗਿਆ ਸੀ।ਇਸ ਤੋਂ ਬਾਅਦ ਇਹ ਅੰਤਰਰਾਸ਼ਟਰੀ ਮੁੱਦਾ ਬਣ ਗਿਆ ਸੀ। ਪੁਲੀਸ ਦੇ ਉੱਚ ਅਧਿਕਾਰੀਆਂ ਅਨੁਸਾਰ ਬਾਅਦ ਵਿੱਚ ਹਸਨ ਅਤੇ ਲੜਕੀ ਦੇ ਪਰਿਵਾਰ ਵਿੱਚ ਲਿਖਤੀ ਸਮਝੌਤਾ ਹੋ ਗਿਆ ਸੀ। ਜਗਜੀਤ ਕੌਰ ਦੇ ਪਰਿਵਾਰ ਨੇ ਹਸਨ ਅਤੇ ਉਸ ਦੇ ਹੋਰ ਦੋਸਤਾਂ ਵਿਰੁੱਧ ਲਾਏ ਦੋਸ਼ ਵਾਪਿਸ ਲੈ ਲਏ ਸਨ। ਇਸ ਲਈ ਉਨ੍ਹਾਂ ਵਿਰੁੱਧ ਐੱਫਆਈਆਰ ਰੱਦ ਹੋ ਗਈ ਹੈ। ਦੋਵਾਂ ਧਿਰਾਂ ਵਿੱਚ ਸਮਝੌਤੇ ਤੋਂ ਬਾਅਦ ਹਸਨ ਦੇ ਹੋਰ ਪਰਿਵਾਰਕ ਮੈਂਬਰਾਂ ਨੇ ਆਪਣੀਆਂ ਜ਼ਮਾਨਤਾਂ ਵੀ ਵਾਪਿਸ ਲੈ ਲਈਆਂ ਹਨ।