ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਦੁਆਰਾ ਜਾਰੀ ਵੱਖ ਵੱਖ ਹੁਕਮਨਾਮੇ ਆਦੇਸ਼, ਸੰਦੇਸ਼ ਰੱਦ ਹੋਣ: ਸਾਧੂ ਭੁਪਿੰਦਰ ਸਿੰਘ

ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੁਖ ਪ੍ਰਸ਼ਾਸਕ ਸਾਧੂ ਭੁਪਿੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪੀ੍ਰਤ ਸਿੰਘ ਕੋਲੋ ਮੰਗ ਕੀਤੀ ਕਿ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਹਟਾਏ ਜਾ ਚੁੱਕੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੁਆਰਾ ਵਖ ਵਖ ਸਮੇ ਤੇ ਜਾਰੀ ਹੁਕਮਨਾਮੇ, ਆਦੇਸ਼ ਤੇ ਸੰਦੇਸ਼ ਰਦ ਕੀਤੇ ਜਾਣ। ਅੱਜ ਜਾਰੀ ਬਿਆਨ ਵਿਚ ਸਾਧੂ ਭੁਪਿੰਦਰ ਸਿੰਘ ਨੇ ਕਿਹਾ ਕਿ ਗਿਆਨੀ ਇਕਬਾਲ ਸਿੰਘ ਬਾਰੇ ਪਿਛਲੇ ਕੁਝ ਸਮੇ ਤੋ ਬਹੁਤ ਗਲਾਂ ਸਾਹਮਣੇ ਆ ਰਹੀਆਂ ਹਨ ਜਿਨਾਂ ਕਾਰਨ ਤਖ਼ਤ ਸਾਹਿਬ ਦੇ ਸਤਿਕਾਰ ਨੂੰ ਵੀ ਠੇਸ ਲਗ ਰਹੀ ਹੈ । ਗਿਆਨੀ ਇਕਬਾਲ ਸਿੰਘ ਤੇ ਸੰਗਤ ਵਲੋ ਤਰਾਂ ਤਰਾਂ ਦੇ ਦੋਸ਼ ਲਗਾਏ ਜਾ ਰਹੇ ਹਨ ਜਿਨਾਂ ਵਿਚ ਭ੍ਰਿਸ਼ਟਾਚਾਰ, ਚਰਿਤਰਹੀਣਤਾ ਅਤੇ ਆਹੁਦੇ ਦੀ ਦੁਰਵਰਤੋ ਕਰਨਾ ਵੀ ਸ਼ਾਮਲ ਹੈ। ਉਨਾ ਦਸਿਆ ਕਿ ਗਿਆਨੀ ਇਕਬਾਲ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਹੀ ਤਖ਼ਤ ਸਾਹਿਬ ਵਲੋ ਦਿੱਤੇ ਜਾ ਰਹੇ ਮਾਨ ਸਨਮਾਨ ਵੇਚ ਕੇ ਕਮਾਈ ਕੀਤੀ।ਇਥੇ ਹੀ ਬਸ ਨਹੀਂ ਗਿਆਨੀ ਇਕਬਾਲ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਅਨੇਕ ਵਿਦਵਾਨਾਂ ਨੂੰ , ਪੰਥ ਦਰਦੀਆਂ ਨੂੰ ਅਤੇ ਸਿੱਖ ਕੌਮ ਦੇ ਮਹਾਨ ਵਿਅਕਤੀਆਂ ਨਾਲ ਬੇਹਦ ਮਾੜਾ ਸਲੂਕ ਕੀਤਾ। ਤਨਖਾਹ ਲਗਾਈ, ਕਿੰਨੇ ਹੀ ਸਿੱਖਾਂ ਦਾ ਅਪਮਾਨ ਕੀਤਾ। ਇਹ ਸਭ ਤੋ ਵਧ ਸ਼ਰਮਨਾਕ ਹੈ। ਅਜਿਹੇ ਵਿਅਕਤੀ ਦੇ ਵਲੋ ਜਾਰੀ ਹੁਕਮਨਾਮੇ, ਆਦੇਸ਼ ਤੇ ਸੰਦੇਸ਼ ਬੇਮਾਇਨੀ ਸਾਬਤ ਹੋ ਰਹੇ ਹਨ। ਉਨਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਮੰਗ ਕੀਤੀ ਕਿ ਗਿਆਨੀ ਇਕਬਾਲ ਸਿੰਘ ਵਲੋ ਜਾਰੀ ਕੀਤੇ ਸਾਰੇ ਆਦੇਸ਼ , ਸੰਦੇਸ਼ ਤੇ ਹੁਕਮਨਾਮਿਆਂ ਤੇ ਰੋਕ ਲਗਾ ਕੇ ਜਾਂ ਰਦ ਕਰਕੇ ਸੰਗਤ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ।