ਸਿੱਖ ਕੁੜੀ ਦੀ ਘਰ ਵਾਪਸੀ ਲਈ ਰਾਹ ਪੱਧਰਾ

ਲਹਿੰਦੇ ਪੰਜਾਬ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਅੱਜ ਲਾਹੌਰ ਸਥਿਤ ਗਵਰਨਰ ਹਾਊਸ ਵਿੱਚ ਨਨਕਾਣਾ ਸਾਹਿਬ ਸਥਿਤ ਗੁਰਦੁਆਰਾ ਤੰਬੂ ਸਾਹਿਬ ਦੇ ਗ੍ਰੰਥੀ ਗਿਆਨੀ ਭਗਵਾਨ ਸਿੰਘ ਅਤੇ ਮੁਸਲਿਮ ਮੁੰਡੇ ਮੁਹੰਮਦ ਹਸਨ ਦੇ ਪਰਿਵਾਰ ਵਿਚਾਲੇ ਸਮਝੌਤਾ ਕਰਵਾਉਂਦਿਆਂ ਸਿੱਖ ਕੁੜੀ ਜਗਜੀਤ ਕੌਰ ਦੀ ਘਰ ਵਾਪਸੀ ਲਈ ਰਾਹ ਪੱਧਰਾ ਕਰ ਦਿੱਤਾ। ਵੇਰਵਿਆਂ ਮੁਤਾਬਕ ਅੱਜ ਬਾਅਦ ਦੁਪਹਿਰ ਲਾਹੌਰ ਸਥਿਤ ਗਵਰਨਰ ਹਾਊਸ ਵਿੱਚ ਗਵਰਨਰ ਚੌਧਰੀ ਮੁਹੰਮਦ ਸਰਵਰ ਵਲੋਂ ਸਿੱਖ ਅਤੇ ਮੁਸਲਿਮ ਪਰਿਵਾਰ ਦੋਵਾਂ ਦੇ ਜੀਆਂ ਨੂੰ ਸੱਦਿਆ ਗਿਆ ਸੀ, ਜਿੱਥੇ ਸਰਕਾਰ ਦੇ ਦਬਾਅ ਹੇਠ ਦੋਵਾਂ ਪਰਿਵਾਰਾਂ ਵਿਚਾਲੇ ਸਮਝੌਤਾ ਕਰਵਾਇਆ ਗਿਆ ਹੈ। ਮੁਸਲਿਮ ਪਰਿਵਾਰ ਨੇ ਸਿੱਖ ਕੁੜੀ ’ਤੇ ਆਪਣਾ ਹੱਕ ਖ਼ਤਮ ਕਰਦਿਆਂ ਕੁੜੀ ਨੂੰ ਉਸ ਦੇ ਪਰਿਵਾਰ ਨੂੰ ਸੌਂਪਣ ਦੀ ਰਜ਼ਾਮੰਦੀ ਦਿੱਤੀ ਹੈ। ਇਸ ਸਬੰਧ ਵਿੱਚ ਇਕ ਵੀਡੀਓ ਰਿਕਾਰਡ ਕਰਨ ਮਗਰੋਂ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ ਹੈ, ਜਿਸ ਵਿਚ ਗਵਰਨਰ ਦੋਵਾਂ ਪਰਿਵਾਰਾਂ ਵਿੱਚ ਰਜ਼ਾਮੰਦੀ ਬਾਰੇ ਦੱਸ ਰਹੇ ਹਨ। ਇਸ ਮੌਕੇ ਲੜਕੀ ਦੇ ਪਿਤਾ ਗਿਆਨੀ ਭਗਵਾਨ ਸਿੰਘ ਤੇ ਭਰਾ ਸਮੇਤ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਅਤੇ ਦੂਜੀ ਧਿਰ ਵਲੋਂ ਮੁਸਲਿਮ ਮੁੰਡੇ ਦਾ ਪਿਤਾ ਤੇ ਉਸ ਦਾ ਵਕੀਲ ਹਾਜ਼ਰ ਹੈ। ਮੁਸਲਿਮ ਮੁੰਡੇ ਦੇ ਪਿਤਾ ਨੇ ਆਖਿਆ ਕਿ ਜੇਕਰ ਕੁੜੀ ਆਪਣੇ ਮਾਪਿਆਂ ਕੋਲ ਜਾਣਾ ਚਾਹੁੰਦੀ ਹੈ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਉਹ ਇਸ ਕੁੜੀ ’ਤੇ ਆਪਣਾ ਹੱਕ ਨਹੀਂ ਜਤਾਉਣਗੇ। ਇਸ ਮੌਕੇ ਗੋਪਾਲ ਸਿੰਘ ਚਾਵਲਾ ਨੇ ਆਖਿਆ ਕਿ ਉਹ ਪਾਕਿਸਤਾਨ ਸਰਕਾਰ ਦੇ ਧੰਨਵਾਦੀ ਹਨ, ਜਿਨ੍ਹਾਂ ਸਿੱਖ ਕੁੜੀ ਦੀ ਘਰ ਵਾਪਸੀ ਲਈ ਸੁਹਿਰਦ ਯਤਨ ਕੀਤੇ ਹਨ। ਨਨਕਾਣਾ ਸਾਹਿਬ ਦੇ ਸਿੱਖ ਆਗੂਆਂ ਨੇ ਦੱਸਿਆ ਕਿ ਦੋਵਾਂ ਪਰਿਵਾਰਾਂ ਵਿਚਾਲੇ ਸਮਝੌਤਾ ਹੋਣ ਮਗਰੋਂ ਸਿੱਖ ਕੁੜੀ ਜਗਜੀਤ ਕੌਰ ਨੂੰ ਅੱਜਕੱਲ੍ਹ ਵਿੱਚ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ। ਇਸ ਫ਼ੈਸਲੇ ਨਾਲ ਨਨਕਾਣਾ ਸਾਹਿਬ ਦੇ ਸਿੱਖਾਂ ਵਿਚ ਖ਼ੁਸ਼ੀ ਦਾ ਆਲਮ ਹੈ। ਫਿਲਹਾਲ ਕੁੜੀ ਲਾਹੌਰ ਸਥਿਤ ਸ਼ੈਲਟਰ ਹੋਮ ਵਿੱਚ ਹੀ ਹੈ। ਸਿੱਖ ਆਗੂਆਂ ਨੇ ਆਖਿਆ ਕਿ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਗੈਰ-ਮੁਸਲਿਮ ਕੁੜੀ ਜਿਸ ਦਾ ਧਰਮ ਤਬਦੀਲ ਕਰਕੇ ਨਿਕਾਹ ਕਰ ਦਿੱਤਾ ਗਿਆ ਹੋੋਵੇ, ਨੂੰ ਮੁੜ ਉਸ ਦੇ ਪਰਿਵਾਰ ਨੂੰ ਸੌਂਪਣ ਦਾ ਫੈਸਲਾ ਕੀਤਾ ਗਿਆ ਹੈ। ਇਹ ਸਭ ਕੁਝ ਸਿੱਖ ਭਾਈਚਾਰੇ ਵੱਲੋਂ ਪਾਏ ਗਏ ਦਬਾਅ ਸਦਕਾ ਸੰਭਵ ਹੋਇਆ ਹੈ। ਇਸ ਦੌਰਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਉਨ੍ਹਾਂ ਨੂੰ ਸਮਝੌਤੇ ਸਬੰਧੀ ਵੀਡੀਓ ਮਿਲੀ ਹੈ ਤੇ ਸਿੱਖ ਕੁੜੀ ਦੇ ਪਿਤਾ ਨਾਲ ਵੀ ਗੱਲਬਾਤ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕੁੜੀ ਨੂੰ ਜਲਦੀ ਹੀ ਪਰਿਵਾਰ ਨੂੰ ਸੌਂਪ ਦਿੱਤਾ ਜਾਵੇਗਾ। ਉਨ੍ਹਾਂ ਇਸ ਮਾਮਲੇ ’ਚ ਸਮੁੱਚੇ ਸਿੱਖ ਭਾਈਚਾਰੇ ਦੀ ਹਮਾਇਤ ਲਈ ਧੰਨਵਾਦ ਕੀਤਾ ਹੈ।