ਸ਼੍ਰੋਮਣੀ ਕਮੇਟੀ ਦੇ ਰਾਮਸਰ ਵਿਖੇ 267 ਸਰੂਪਾ ਦੀ ਅਗਨੀ ਭੇਟ ਦੀ ਘਟਨਾ ਦੀ ਸੱਚਾਈ ਆਈ ਸਾਹਮਣੇ, ਜਥੇਦਾਰ ਕਿਉ ਹਨ ਚੁੱਪ?

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸੇਵਾ ਸੰਭਾਲ ਲਈ ਸ੍ਰੀ ਅਕਾਲ ਤਖਤ ਸਾਹਿਬ ਤੋ ਕਈ ਵਾਰੀ ਦਿਸ਼ਾ ਨਿਰਦੇਸ਼ ਜਾਰੀ ਹੋ ਚੁੱਕੇ ਹਨ ਤੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਤਾਂ ਇਥੋ ਤੱਕ ਵੀ ਹਦਾਇਤ ਕਰ ਦਿੱਤੀ ਸੀ ਕਿ ਜਿਸ ਵੀ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਬੇਅਦਬੀ ਹੋਵੇਗੀ ਜਾਂ ਫਿਰ ਅਗਨੀ ਭੇਟ ਹੋਵੇਗੀ ਉਸ ਗੁਰਦੁਆਰੇ ਦੇ ਗ੍ਰੰਥੀ ਦੇ ਖਿਲਾਫ ਵੀ 295 ਏ ਦਾ ਪਰਚਾ ਵੀ ਦਰਜ ਹੋਵੇਗਾ ਪਰ ਦੀਵੇ ਥੱਲੇ ਅੰਧੇਰੇ ਦੀ ਕਹਾਵਤ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਗੁਰਦੁਆਰਿਆ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨੀ ਭੇਂਟ ਹੀ ਨਹੀ ਹੋਏ ਸਗੋਂ ਅਗਨੀ ਭੇਂਟ ਹੋਈਆ ਬੀੜਾਂ ਦੀ ਗਿਣਤੀ ਨੂੰ ਵੀ ਛੁਪਾਇਆ ਗਿਆ ਜਿਸ ਦੀ ਅਸਲੀਅਤ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਨੇ ਬਾਹਰ ਲਿਆਉਦਿਆ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਦੋਸ਼ੀਆ ਵਿਰੁੱਧ ਲੋੜੀਦੀ ਕਾਰਵਾਈ ਕੀਤੀ ਜਾਵੇ ਕਿਉਕਿ ਮਾਮਲਾ ਸਿੱਖ ਧਰਮ ਦੇ ਅਕੀਦੇ ਨਾਲ ਜੁੜਿਆ ਹੋਇਆ ਹੈ, ਸਿੱਖ ਆਪਣੀ ਹਰ ਪ੍ਰਕਾਰ ਦੀ ਮੁਸੀਬਤ ਸਹਾਰ ਸਕਦਾ ਹੈ ਪਰ ਆਪਣੇ ਗੁਰੂ ਦੀ ਬੇਅਦਬੀ ਕਿਸੇ ਵੀ ਸੂਰਤ ਵਿੱਚ ਸਹਾਰ ਨਹੀ ਸਕਦਾ। ਹਮੇਸ਼ਾਂ ਵਿਵਾਦਾਂ ਵਿੱਚ ਰਹਿਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਸਰੂਪਾਂ ਦੀ ਬੇਅਦਬੀ ਹੋਣ ਦੀ ਇਹ ਕੋਈ ਪਹਿਲੀ ਘਟਨਾ ਨਹੀ ਸਗੋ ਇਸ ਤੋ ਪਹਿਲਾਂ ਵੀ 2011 ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਤਿਹਾਸਕ ਸਰੂਪ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਸੁੰਦਰ ਬਗੀਚਾ ਉਜਾੜ ਕੇ ਅਖੰਡ ਪਾਠਾਂ ਰਾਹੀ ਕਮਾਈ ਕਰਨ ਲਈ ਉਸਾਰੇ ਗਏ ਕਮਰਿਆ ਵਿੱਚੋ ਕੁਝ ਕਮਰਿਆ ਵਿੱਚ ਸਰੂਪ ਵੱਡੀ ਗਿਣਤੀ ਵਿੱਚ ਰੱਖੇ ਹੋਏ ਸਨ ਵੀ ਅਗਨ ਭੇਂਟ ਹੋਏ ਸਨ ਪਰ ਕਿਸੇ ਵੀ ਵਿਅਕਤੀ ਦੇ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਗਈ ਸੀ। ਉਸ ਸਮੇਂ ਵੀ ਜਾਣਕਾਰੀ ਮਿਲੀ ਸੀ ਕਿ ਇੱਕ ਪਲਾਸਟਿਕ ਦਾ ਪੱਖਾ ਇਹਨਾਂ ਸਰੂਪਾ ਨੂੰ ਠੰਡਾ ਰੱਖਣ ਲਗਾਇਆ ਗਿਆ ਸੀ ਜਿਹੜਾ ਕਦੇ ਕਿਸੇ ਨੇ ਬੰਦ ਹੀ ਨਹੀ ਕੀਤਾ ਸੀ ਤੇ ਅਖੀਰ ਉਹ ਗਰਮ ਹੋ ਕੇ ਪਿੱਘਲ ਗਿਆ ਤੇ ਸਰੂਪਾ ਦੇ ਪਰ ਡਿੱਗਣ ਕਾਰਨ ਅੱਗ ਲੱਗ ਗਈ ਸੀ ਤੇ ਇਹ ਘਟਨਾ ਸਵੇਰੇ ਛੇ ਵਜੇ ਉਸ ਵੇਲੇ ਵਾਪਰੀ ਸੀ ਜਦੋ ਸ੍ਰੀ ਦਰਬਾਰ ਸਾਹਿਬ ਦਾ ਮੈਨੇਜਰ ਤੇ ਐਡੀਸ਼ਨਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਮੌਜੂਦ ਸਨ ਤੇ ਉਹਨਾਂ ਨੇ ਬੜੀ ਜਦੋ ਜਹਿਦ ਨਾਲ ਅੱਗ ਤੇ ਕਾਬੂ ਪਾਇਆ ਸੀ। ਉਸ ਸਮੇਂ ਵੀ ਮੀਡੀਆ ਨੂੰ ਲਾਗੇ ਨਹੀ ਫੱਟਕਣ ਦਿੱਤਾ ਗਿਆ ਸੀ ਤੇ ਚਾਰ ਸਰੂਪਾ ਦੀ ਜਾਣਕਾਰੀ ਦੇ ਕੇ ਬਾਕੀ ਮਾਮਲਾ ਗੋਲਮੋਲ ਕਰ ਦਿੱਤਾ ਸੀ ਜਦ ਕਿ ਸੂਤਰਾਂ ਤੇ ਮਿਲੀ ਜਾਣਕਾਰੀ ਅਨੁਸਾਰ ਇਹਨਾਂ ਸਰੂਪਾਂ ਦੀ ਗਿਣਤੀ ਵੀ ਦਰਜਨਾਂ ਵਿੱਚ ਸੀ। ''ਕੌਣ ਆਖੇ ਰਾਣੀਏ ਅੱਗਾ ਢੱਕ ਦੀ'' ਕਹਾਵਤ ਅਨੁਸਾਰ ਵੱਡੇ ਫਰਲੇ ਵਾਲੇ ਤਖਤਾਂ ਦੇ ਜਥੇਦਾਰ ਵੀ ਸ਼੍ਰੋਮਣੀ ਕਮੇਟੀ ਵਾਲਿਆ ਦੇ ਖਿਲਾਫ ਕਾਰਵਾਈ ਕਰਨ ਸਮੇਂ ਬੌਣੇ ਹੋ ਜਾਂਦੇ ਹਨ ਪਰ ਜੇਕਰ ਪਿੰਡ ਦੇ ਗੁਰਦੁਆਰੇ ਵਿੱਚ ਕੋਈ ਘਟਨਾ ਵਾਪਰ ਜਾਵੇ ਤਾਂ ਫਿਰ ਗ੍ਰੰਥੀ ਸਿੰਘ ਤੇ ਪ੍ਰਬੰਧਕ ਕਮੇਟੀ ਦੇ ਨੁੰਮਾਇੰਦਿਆ ਨੂੰ 'ਜੇਬ ਕਤਰਿਆ' ਵਾਂਗ ਤਰੀਕਾ ਭੁਗਤਣ ਵਾਂਗ ਅਕਾਲ ਤਖਤ ਤੇ ਤਲਬ ਕਰਕੇ ਤਰੀਕਾ ਭੁਗਤਣ ਲਈ ਦੰਡਤ ਕਰਦੇ ਹਨ। ਜਿਹੜਾ ਮਾਮਲਾ ਹੁਣ ਸ੍ਰੀ ਗੁਰੂ ਸਾਹਿਬ ਭਵਨ ਰਾਮਸਰ ਵਿੱਖੇ ਬਣੀ ਇੱਕ ਬਹੁਮੰਜਲੀ ਇਮਾਰਤ ਵਿੱਚ ਅੱਗ ਲੱਗਣ ਦਾ ਹੈ ਉਸ ਮਾਮਲੇ ਬਾਰੇ ਵੀ ਕਿਹਾ ਗਿਆ ਸੀ ਕਿ ਕੂਲਰ ਵਿੱਚੋ ਵਾਇਰਿੰਗ ਲੀਕ ਹੋਣ ਕਾਰਨ ਅੱਗ ਲੱਗ ਗਈ ਸੀ। ਉਸ ਸਮੇ ਵੀ ਮੀਡੀਆ ਕਰਮੀਆ ਨੂੰ ਲਾਗੇ ਨਹੀ ਜਾਣ ਦਿੱਤਾ ਗਿਆ ਸੀ। ਉਸ ਸਮੇ ਵੀ ਸਰੂਪਾ ਦੀ ਗਿਣਤੀ ਸਿਰਫ 14 ਹੀ ਦੱਸੀ ਗਈ ਸੀ ਜਦ ਕਿ ਸੱਚਾਈ ਮਨੁੱਖੀ ਅਧਿਕਾਰ ਸੰਗਠਨ ਅਨੁਸਾਰ 267 ਸੀ ਤੇ ਤੁਰੰਤ ਸ਼੍ਰੋਮਣੀ ਕਮੇਟੀ ਦੀਆ ਗੱਡੀਆ ਵਿੱਚ ਪੰਡਾਂ ਵਿੱਚ ਬੰਨ ਕੇ ਰੱਖ ਕੇ ਗੋਇੰਦਵਾਲ ਸਾਹਿਬ ਘਾਟ ਵਿਖੇ ਲਿਜਾ ਕੇ ਸਸਕਾਰ ਕਰ ਦਿੱਤੇ ਗਏ ਸਨ ਕਿਉਕਿ ਬਹੁਤ ਸਾਰੇ ਸਰੂਪ ਪਾਣੀ ਨਾਲ ਵੀ ਖਰਾਬ ਹੋ ਗਏ ਸਨ। ਮਨੁੱਖੀ ਅਧਿਕਾਰ ਸੰਗਠਨ ਪੰਜਾਬ ਦੇ ਆਗੂ ਤੇ ਸੀਨੀਅਰ ਐਡਵੋਕੇਟ ਸ੍ਰ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਕਿ ਉਹ ਪਿਛਲੇ ਲੰਮੇ ਸਮੇਂ ਤੋ ਇਸ ਦੀ ਪੜਤਾਲ ਕਰ ਰਹੇ ਹਾਂ ਤੇ ਅਖੀਰ ਉਹਨਾਂ ਨੂੰ ਕਾਮਯਾਬੀ ਮਿਲੀ ਹੈ ਕਿ ਉਸ ਸਮੇਂ 267 ਸਰੂਪ ਅਗਨ ਭੇਂਟ ਹੋਏ ਸਨ। ਸ਼੍ਰੋਮਣੀ ਕਮੇਟੀ ਜੋ ਮਰਜ਼ੀ ਦਾਅਵੇ ਕਰੀ ਜਾਵੇ ਸੱਚਾਈ ਉਸ ਵੇਲੇ ਸਾਹਮਣੇ ਆਵੇਗੀ ਜਦੋਂ ਕੋਈ ਨਿਰਪੱਖ ਜਾਂਚ ਹੋਵੇਗੀ। ਉਹਨਾਂ ਕਿਹਾ ਕਿ ਉਹਨਾਂ ਨੇ ਪੰਜਾਬ ਸਰਕਾਰ ਨੂੰ ਲਿਖ ਕੇ ਜਾਂਚ ਦੀ ਮੰਗ ਕੀਤੀ ਹੈ ਜੇਕਰ ਉਹ ਜਾਂਚ ਨਹੀ ਕਰਵਾਉਦੀ ਤਾਂ ਉਹ ਪੰਜਾਬ ਐੰਡ ਹਰਿਆਣਾ ਹਾਈਕੋਰਟ ਰਾਹੀ ਜਰੂਰ ਕਰਵਾਉਣਗੇ ਕਿਉਕਿ ਸੰਗਤਾਂ ਦੇ ਸਾਹਮਣੇ ਸੱਚਾਈ ਸਾਹਮਣੇ ਆਉਣੀ ਬਹੁਤ ਜਰੂਰੀ ਹੈ ਕਿਉਕਿ ਮਾਮਲਾ ਸਿੱਖ ਪੰਥ ਤੇ ਸਿੱਖ ਅਕੀਦੇ ਨਾਲ ਜੁੜਿਆ ਹੋਇਆ ਹੈ। ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਮਨੁੱਖ ਅਧਿਕਾਰ ਸੰਗਠਨ ਦਾ ਇਹ ਦਾਅਵਾ ਪੂਰੀ ਤਰਾ ਬੇਬੁਨਿਆਦ ਹੈ ਤੇ ਇੱਕ ਸ਼੍ਰੋਮਣੀ ਕਮੇਟੀ ਦਾ ਸਾਬਕਾ ਮੁਲਾਜ਼ਮ ਉਹਨਾਂ ਦਾ ਹੱਥ ਠੋਕਾ ਬਣਿਆ ਪਿਆ ਹੈ ਜਿਸ ਕਰਕੇ ਗਲਤ ਫਹਿਮੀਆ ਪੈ ਰਹੀਆ ਹਨ ਜਦ ਕਿ ਸਿਰਫ 14 ਬੀੜਾਂ ਹੀ ਨੁਕਸਾਨੀਆ ਗਈਆ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੁੱਖੀ ਭਾਈ ਬਲਬੀਰ ਸਿੰਘ ਮੁੱਛਲ ਨੇ ਇੱਕ ਵਾਰੀ ਸ੍ਰੀ ਗੁਰੂ ਗਰੰਥ ਸਾਹਿਬ ਭਵਨ ਰਾਮਸਰ ਵਿਖੇ ਛਪਾਈ ਤੇ ਬਨਾਈ ਸਮੇਂ ਹੁੰਦੀਆ ਬੇਨਿਯਮੀਆ ਦਾ ਮੁੱਦਾ ਉਠਾਇਆ ਤਾਂ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਲੱਠਮਾਰਾਂ ਨੇ ਉਸ ਅੰਮ੍ਰਿਤਧਾਰੀ ਸਿੰਘਾਂ ਦੀ ਉਹ ਗਿੱਦੜਕੁੱਟ ਕੀਤੀ ਸੀ ਕਿ ਉਹਨਾਂ ਦੇ ਹੱਡ ਪੋਲੇ ਕਰ ਦਿੱਤੇ ਅਤੇ ਪਰਚਾ ਵੀ ਕਰਵਾ ਦਿੱਤਾ ਸੀ ਜਦ ਕਿ ਬੀੜਾ ਦੇ ਅਗਨ ਭੇਟ ਹੋਣ ਦਾ ਕੇਸ ਕਿਸੇ ਨੇ ਦਰਜ ਨਹੀ ਕਰਵਾਇਆ ਸੀ। ਭਾਈ ਬਲਬੀਰ ਸਿੰਘ ਮੁੱਛਲ ਨੂੰ ਲੰਮਾ ਸਮਾਂ ਜੇਲ• ਵਿੱਚ ਰਹਿਣਾ ਪਿਆ ਸੀ ਪਰ ਉਹਨਾਂ ਦੇ ਸੁਝਾਵਾਂ 'ਤੇ ਗੌਰ ਫੁਰਮਾਉਣ ਦੀ ਬਜਾਏ ਉਸ ਨੂੰ ਜੇਲ• ਯਾਤਰਾ 'ਤੇ ਭੇਜ ਦਿੱਤਾ। ਅੱਠ ਸਾਲ ਉਹਨਾਂ ਨੂੰ ਕੇਸ ਲੜਣਾ ਪਿਆ ਤੇ ਅਖੀਰ ਕਹਿੰਦੇ ਹੁੰਦੇ ਹਨ:- ''ਸੱਚਾਈ ਛੁਪ ਨਹੀ ਸਕਤੀ, ਬਨਾਵਟ ਕੇ ਅਸੂਲੋ ਸੇ ਕਬੀ ਖੁਸ਼ਬੂ ਆ ਨਹੀ ਆ ਸਕਦੀ ਕਾਗਜ਼ ਕੇ ਫੂਲੋ ਸੇ'' ਅਨੁਸਾਰ ਅਦਾਲਤ ਨੇ ਭਾਈ ਮੁੱਛਲ ਤੇ ਉਹਨਾਂ ਦੇ ਸਾਥੀਆ ਨੂੰ ਅਦਾਲਤ ਨੇ ਬਾਇੱਜਤ ਬਰੀ ਕਰ ਦਿੱਤਾ। ਮਨੁੱਖੀ ਅਧਿਕਾਰ ਸੰਗਠਨ ਪੰਜਾਬ ਨੇ ਜੇਕਰ ਇਸ ਮੁੱਦੇ ਨੂੰ ਹੁਣ ਬਾਹਰ ਕੱਢਿਆ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਚੁੱਪ ਕਰਕੇ ਬੇਬੀ ਜਥੇਦਾਰ ਵਾਲੀ ਭੂਮਿਕਾ ਨਿਭਾਉਣ ਦੀ ਬਜਾਏ ਨਿਰਪੱਖ ਜਾਂਚ ਕਰਵਾ ਕੇ ਉਹਨਾਂ ਦੋਸ਼ੀਆ ਵਿਰੁੱਧ ਕਾਰਵਾਈ ਜਰੂਰ ਕਰਨ ਜਿਹਨਾਂ ਦੀ ਗਲਤੀਆ ਕਾਰਨ ਗੁਰੂ ਸਾਹਿਬ ਦੀ ਬੇਅਦਬੀ ਹੋਈ ਹੈ। ਜੇਕਰ ਜਥੇਦਾਰ ਸਾਹਿਬ ਆਪਣੀ ਭੂਮਿਕਾ ਸਹੀ ਢੰਗ ਨਾਲ ਨਹੀ ਨਿਭਾਉਦੇ ਤਾਂ ਉਹਨਾਂ ਵੀ ਉਹਨਾਂ ਵਿਅਕਤੀਆ ਦੀ ਕਤਾਰ ਵਿੱਚ ਖੜੇ ਦਿਖਾਈ ਦੇਣਗੇ ਜਿਹੜੇ ਗੁਰੂ ਸਾਹਿਬ ਦੀ ਬੇਅਦਬੀ ਲਈ ਦੋਸ਼ੀ ਹਨ।