ਬਹਿਬਲ ਕਲਾਂ ਗੋਲੀਕਾਂਡ: ਐਸਐਸਪੀ ਦੀ ਜਿਪਸੀ ‘ਤੇ ਨਕਲੀ ਗੋਲੀਆਂ ਦੇ ਨਿਸ਼ਾਨ ਬਣਾਉਣ ਵਾਲਾ ਗ੍ਰਿਫਤਾਰ

ਬਾਦਲ ਸਰਕਾਰ ਵੇਲੇ ਬਹਿਬਲ ਕਲਾਂ ਅਤੇ ਕੋਟਕਪੂਰਾ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੀਆਂ ਸਿੱਖ ਸੰਗਤਾਂ ‘ਤੇ ਪੁਲਸ ਵੱਲੋਂ ਗੋਲੀ ਚਲਾਉਣ ਦੇ ਮਾਮਲੇ ‘ਚ ਜਾਂਚ ਕਰ ਰਹੀ ਸਿੱਟ ਨੇ ਪੁਲਸ ਦੀ ਜਿਪਸੀ ‘ਤੇ ਗੋਲੀਆਂ ਵੱਜਣ ਦੇ ਨਕਲੀ ਨਿਸ਼ਾਨ ਬਣਾਉਣ ਦੇ ਦੋਸ਼ੀ ਫਰੀਦਕੋਟ ਵਾਸੀ ਸੁਹੇਲ ਬਰਾੜ ਨੂੰ ਗ੍ਰਿਫਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਚਰਨਜੀਤ ਸ਼ਰਮਾ ਦੀ ਅਗਵਾਈ ਵਿਚ ਪੁਲਸ ਨੇ ਸ਼ਾਂਤਮਈ ਸਿੱਖ ਸੰਗਤਾਂ ‘ਤੇ ਗੋਲੀ ਚਲਾ ਕੇ ਦੋ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਸੀ ਜਦਕਿ ਕਈ ਹੋਰ ਸੰਗਤਾਂ ਜ਼ਖਮੀ ਹੋਈਆਂ ਸਨ। ਐੱਸਆਈਟੀ ਨੇ ਜਾਂਚ ‘ਚ ਪਾਇਆ ਕਿ ਗੋਲ਼ੀਕਾਡ ਦੀ ਘਟਨਾ ਤੋਂ ਬਾਅਦ ਆਪਣਾ ਬਚਾਅ ਕਰਨ ਲਈ ਮੁਲਜ਼ਮ ਪੁਲਿਸ ਅਧਿਕਾਰੀਆਂ ਨੇ ਝੂਠੀ ਕਹਾਣੀ ਘੜੀ ਸੀ। ਸੁਹੇਲ ਸਿੰਘ ਬਰਾੜ ਨੇ ਜਿਪਸੀ ਨੂੰ ਫ਼ਰੀਦਕੋਟ ਸਥਿਤ ਆਪਣੇ ਘਰ ਲਿਆ ਕੇ ਉਸ ‘ਤੇ ਫਾਇਰਿੰਗ ਕੀਤੀ ਤੇ ਨਿਸ਼ਾਨ ਬਣਾਏ ਸਨ। ਐੱਸਆਈਟੀ ਦੇ ਮੁੱਖ ਜਾਂਚ ਕਰਤਾ ਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਸੁਹੇਲ ਸਿੰਘ ਬਰਾੜ ਨੂੰ ਬੁੱਧਵਾਰ ਨੂੰ ਅਦਾਲਤ ‘ਚ ਪੇਸ਼ ਕਰ ਕੇ ਰਿਮਾਂਡ ‘ਤੇ ਲਿਆ ਜਾਵੇਗਾ। ਇਸ ਮਾਮਲੇ ‘ਚ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਸਾਬਕਾ ਬਾਦਲ ਦਲ ਦੇ ਵਿਧਾਇਕ ਮਨਤਾਰ ਬਰਾੜ, ਆਈਜੀ ਪਰਮਰਾਜ ਉਮਰਾਨੰਗਲ, ਐਸਐਸਪੀ ਚਰਨਜੀਤ ਸ਼ਰਮਾ, ਐਸਪੀ ਪਰਮਜੀਤ ਪੱਨੂ ਅਤੇ ਬਲਜੀਤ ਸਿੱਧੂ, ਐਸਐਚਓ ਗੁਰਦੀਪ ਪੰਧੇਰ ਖਿਲਾਫ ਚਲਾਨ ਦਾਖਲ ਕੀਤੇ ਗਏ ਹਨ।