ਪਾਕਿਸਤਾਨ ਨੇ ਸਰਹੱਦੀ ਗੇਟ ’ਤੇ ਪੰਜਾਬੀ ’ਚ ਲਿਖੇ ਸਵਾਗਤੀ ਸ਼ਬਦ

ਭਾਰਤ ਅਤੇ ਪਾਕਿਸਤਾਨ ਸਰਕਾਰ ਵੱਲੋਂ 9 ਨਵੰਬਰ ਨੂੰ ਹੀ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਜਾ ਰਿਹਾ ਹੈ, ਜਿਸ ਕਰਕੇ ਦੋਵੇਂ ਪਾਸਿਓਂ ਕੰਮਾਂ ਨੂੰ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਉੱਧਰ ਕੋਰੀਡੋਰ ਦੇ ਆਈਸੀਪੀ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਲਈ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਕੁਝ ਉੱਚ ਅਧਿਕਾਰੀਆਂ ਨੇ ਇੱਥੇ ਡੇਰੇ ਲਾਏ ਹੋਏ ਹਨ ਤਾਂ ਜੋ 9 ਨਵੰਬਰ ਦੇ ਰਸਮੀ ਉਦਘਾਟਨ ਦੌਰਾਨ ਕੋਈ ਘਾਟ ਨਾ ਰਹਿ ਜਾਵੇ। ਇਸੇ ਤਰ੍ਹਾਂ ਕੰਡਿਆਲੀ ਤਾਰ ਨੇੜੇ ਹੀ ਪਾਕਿਸਤਾਨ ਵੱਲੋਂ ਸ਼ਰਧਾਲੂਆਂ ਲਈ ਸਵਾਗਤੀ ਗੇਟ ਲਗਾਇਆ ਗਿਆ ਹੈ ਤੇ ਇਸ ’ਤੇ ਪੰਜਾਬੀ ਵਿੱਚ ਸਭ ਤੋਂ ਉੱਪਰ ‘ਪਾਕਿਸਤਾਨ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਨੂੰ ਆਖਦੇ ਹਾਂ’ ਲਿਖਿਆ ਗਿਆ ਹੈ। ਪਾਕਿਸਤਾਨ ਵੱਲੋਂ ਆਪਣੇ ਬਣਾਏ ਆਈਸੀਪੀ (ਇੰਟਰਗ੍ਰੇਟਿਡ ਚੈੱਕ ਪੋਸਟ) ’ਤੇ ਅੱਜ ਆਪਣਾ ਕੌਮੀ ਝੰਡਾ ਲਹਿਰਾਇਆ ਗਿਆ। ਇੱਥੋਂ ਦੀਆਂ ਸਾਹਿਤ ਸਭਾਵਾਂ ਨੇ ਪਾਕਿਸਤਾਨ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਸਤਿਕਾਰ ਦੇਣ ਦੀ ਸ਼ਲਾਘਾ ਵੀ ਕੀਤੀ ਹੈ। ਗੁਰੂ ਨਾਨਕ ਦੇਵ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਦਿਨ ਪੋਟਿਆਂ ’ਤੇ ਗਿਣਨ ਜੋਗੇ ਰਹਿ ਗਏ ਹਨ। ਵੱਖ ਵੱਖ ਤਕਨੀਕੀ ਮਾਹਿਰਾਂ ਤੇ ਮਜ਼ਦੂਰਾਂ ਨੇ ਕੰਮ ਨੇਪਰੇ ਚਾੜ੍ਹਨ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ। ਭਰੋਸੇਯੋਗ ਸੂਤਰ ਦੱਸਦੇ ਕਿ ਕੁਝ ਕੰਮ ਲਾਂਘੇ ਦੇ ਰਸਮੀ ਉਦਘਾਟਨ ਤੋਂ ਬਾਅਦ ਵੀ ਚਾਲੂ ਰਹਿਣਗੇ ਪਰ ਸ਼ਰਧਾਲੂਆਂ ਦੇ ਦਸਤਾਵੇਜ਼ ਚੈੱਕ ਕਰਨ ਅਤੇ ਹੋਰ ਲੋੜੀਂਦੇ ਪ੍ਰਬੰਧ ਆਉਂਦੇ ਕੁਝ ਦਿਨਾਂ ਵਿੱਚ ਮੁਕੰਮਲ ਹੋ ਜਾਣਗੇ। ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਨੇ ਆਪਣੇ ਹਿੱਸੇ ਦਾ ਕੰਮ ਅਕਤੂਬਰ ਦੇ ਪਹਿਲੇ ਹਫ਼ਤੇ ਮੁਕੰਮਲ ਕਰ ਲਿਆ ਸੀ। ਇਹ ਚਹੁੰ-ਮਾਰਗੀ ਲਾਂਘਾ ਪਿੰਡ ਮਾਨ ਤੋਂ ਜ਼ੀਰੋ ਲਾਈਨ ਤੱਕ ਹੈ ਜੋ 200 ਫੁੱਟ ਚੌੜਾ ਅਤੇ ਪੌਣੇ ਤਿੰਨ ਕਿਲੋਮੀਟਰ ਲੰਬਾ ਹੈ। ਸਭ ਤੋਂ ਗੁੰਝਲਦਾਰ ਕੰਮ ਆਈਸੀਪੀ (ਇੰਟਰਗ੍ਰੇਟਿਡ ਚੈੱਕ ਪੋਸਟ) ਦਾ ਹੈ ਜਿੱਥੇ ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਜਾਂਚ ਤੋਂ ਇਲਾਵਾ ਇਮੀਗ੍ਰੇਸ਼ਨ, ਸੁਰੱਖਿਆ, ਸਟਾਫ਼ ਦਫ਼ਤਰ ਤੋਂ ਇਲਾਵਾ ਪਾਰਕਿੰਗ ਆਦਿ ਦਾ ਕੰਮ ਮਈ ਮਹੀਨੇ ਤੋਂ ਚੱਲ ਰਿਹਾ ਹੈ। ਦੂਜੇ ਪਾਸੇ ਪਾਕਿਸਤਾਨ ਸਰਕਾਰ ਨੇ ਸ਼ਰਧਾਲੂਆਂ ਦੇ ਸਵਾਗਤ ਲਈ ਜ਼ੀਰੋ ਲਾਈਨ ਕੋਲ ਤਾਂ ਸਭ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਜ਼ੀਰੋ ਲਾਈਨ ਤੋਂ ਆਈਸੀਪੀ ਤੱਕ ਸੜਕ ਨੂੰ ਖ਼ੂਬ ਸੰਵਾਰਿਆ ਜਾ ਰਿਹਾ ਹੈ। ਇੱਥੋਂ ਤੱਕ ਕਿ ਪਾਕਿਸਤਾਨੀ ਕਾਮਿਆਂ ਨੇ ਆਪਣੇ ਪਾਸੇ ਅਣਚਾਹੇ ਰੁੱਖ਼ਾਂ, ਘਾਹ, ਝਾੜੀਆਂ ਆਦਿ ਨੂੰ ਪੱਧਰਾ ਕਰ ਦਿੱਤਾ ਹੈ। ਭਰੋਸੇਯੋਗ ਸੂਤਰ ਦੱਸਦੇ ਕਿ ਉਥੋਂ ਦੀ ਸਰਕਾਰ ਨੇ ਆਈਸੀਪੀ ’ਚ ਵੀ ਲੱਗਭੱਗ ਸਭ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪਾਕਿਸਤਾਨ ਸਰਕਾਰ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਆਪਣੇ ਸਵਾਗਤੀ ਗੇਟਾਂ ’ਤੇ ਸਭ ਤੋਂ ਉੱਪਰ ਸਥਾਨ ਦੇਣ ’ਤੇ ਲੇਖਕ ਡਾ. ਅਨੂਪ ਸਿੰਘ, ਜਸਵੰਤ ਹਾਂਸ, ਦੇਵਿੰਦਰ ਦੀਦਾਰ, ਰਿਆੜਕੀ ਸੱਥ ਹਰਪੁਰਾ ਧੰਦੋਈ ਦੇ ਬੁਲਾਰੇ ਸੂਬਾ ਸਿੰਘ ਖਹਿਰਾ, ਪੰਜਾਬੀ ਅਧਿਆਪਕ ਦਿਲਬਾਗ ਸਿੰਘ ਪੱਡਾ ਸਮੇਤ ਨੇ ਇਸ ਨੂੰ ਸ਼ਲਾਘਾਯੋਗ ਉਦਮ ਦੱਸਿਆ।