ਨਿੱਜੀ ਵਾਹਨਾਂ ‘ਤੇ ਪੁਲਿਸ ਦਾ ਲੋਗੋ ਲਗਾਉਣ ਵਾਲੇ ਲੋਕ ਹੋ ਜਾਓ ਸਾਵਧਾਨ
ਲੁਧਿਆਣਾ : ਨਿੱਜੀ ਵਾਹਨਾਂ ‘ਤੇ ਪੁਲਿਸ ਦਾ ਲੋਗੋ ਜਾਂ ਇਸ ਤਰ੍ਹਾਂ ਦੇ ਸਟਿੱਕਰ ਲਗਾਉਣ ਵਾਲੇ ਲੋਕ ਸਾਵਧਾਨ ਹੋ ਜਾਓ । ਟ੍ਰੈਫਿਕ ਪੁਲਿਸ ਦੇ ਜ਼ੋਨ ਨੰਬਰ 1 ਦੇ ਇੰਚਾਰਜ ਦੀਪਕ ਕੁਮਾਰ ਨੇ ਅਜਿਹੇ ਵਾਹਨਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜੀ.ਟੀ ਰੋਡ ਬੁੱਢੇ ਨਾਲੇ ਨੇੜੇ ਅਜਿਹੇ ਇੱਕ ਡਰਾਈਵਰ ਦਾ ਚਲਾਨ ਕੀਤਾ ਗਿਆ। ਇਸ ਦੇ ਨਾਲ ਹੀ ਉਸ ਦੀ ਗੱਡੀ ਦੀ ਵਿੰਡਸ਼ੀਲਡ ‘ਤੇ ਲੱਗਿਆ ਪੰਜਾਬ ਪੁਲਿਸ ਦਾ ਲੋਗੋ ਵੀ ਮੌਕੇ ‘ਤੇ ਹੀ ਹਟਾ ਦਿੱਤਾ ਗਿਆ।ਦੀਪਕ ਕੁਮਾਰ ਨੇ ਕਿਹਾ ਕਿ ਕੁਝ ਲੋਕ ਜਿਨ੍ਹਾਂ ਦਾ ਪੁਲਿਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਪੁਲਿਸ ਪ੍ਰਸ਼ਾਸਨ ਨੂੰ ਮੂਰਖ ਬਣਾਉਣ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਪਣੇ ਵਾਹਨਾਂ ‘ਤੇ ਅਜਿਹੇ ਸਟਿੱਕਰ ਲਗਾਉਂਦੇ ਹਨ, ਪਰ ਅਜਿਹੇ ਲੋਕਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜੇਕਰ ਲੋਕ ਨਹੀਂ ਸੁਧਰਦੇ ਤਾਂ ਉਨ੍ਹਾਂ ਦੇ ਵਾਹਨ ਵੀ ਜ਼ਬਤ ਕੀਤੇ ਜਾ ਸਕਦੇ ਹਨ।