ਲੁਧਿਆਣਾ ਦੇ ਬੱਸ ਸਟੈਂਡ ਦੇ ਬਾਹਰ ਜੁਝਾਰ ਬੱਸ ਨੇ ਈ-ਰਿਕਸ਼ਾ ਸਮੇਤ 3 ਵਾਹਨਾਂ ਨੂੰ ਮਾਰੀ ਟੱਕਰ, 6 ਲੋਕਾਂ ਦੀ ਹਾਲਤ ਗੰਭੀਰ

ਲੁਧਿਆਣਾ : ਲੁਧਿਆਣਾ ਦੇ ਬੱਸ ਸਟੈਂਡ ਦੇ ਬਾਹਰ ਜੁਝਾਰ ਬੱਸ ਕੰਟਰੋਲ ਗੁਆ ਬੈਠੀ ਅਤੇ ਕਈ ਵਾਹਨਾਂ ਨਾਲ ਟਕਰਾ ਗਈ, ਇਸ ਘਟਨਾ ਵਿੱਚ ਕਈ ਲੋਕ ਜ਼ਖਮੀ ਹੋ ਗਏ। ਮਾਮਲੇ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਪੁਲਿਸ ਅਧਿਕਾਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਡਿਊਟੀ ‘ਤੇ ਸਨ। ਇਸ ਦੌਰਾਨ ਅਚਾਨਕ ਹੋਏ ਹਾਦਸੇ ਤੋਂ ਬਾਅਦ ਉਹ ਦੌੜ ਕੇ ਆਇਆ ਅਤੇ ਲੜਕੀ ਸਮੇਤ ਤਿੰਨ ਜ਼ਖਮੀਆਂ ਨੂੰ ਇਲਾਜ ਲਈ ਈ.ਐੱਸ.ਆਈ ਹਸਪਤਾਲ ਦਾਖਲ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬੱਸ ਦੇ ਬ੍ਰੇਕ ਫੇਲ ਹੋਣ ਕਾਰਨ ਵਾਪਰਿਆ ਹੈ। ਇਸ ਘਟਨਾ ਵਿੱਚ ਬੱਸ ਦੀ ਟੱਕਰ ਤੋਂ ਬਾਅਦ ਲੋਕ ਵਾਹਨਾਂ ਤੋਂ ਕਾਫੀ ਦੂਰ ਤੱਕ ਡਿੱਗ ਗਏ।ਲੋਕਾਂ ਨੇ ਦੱਸਿਆ ਕਿ ਬੱਸ ਨੰਗਲ ਤੋਂ ਆ ਰਹੀ ਸੀ, ਇਸ ਦੌਰਾਨ ਬੇਕਾਬੂ ਬੱਸ ਨੇ ਈ-ਰਿਕਸ਼ਾ ਅਤੇ ਬਾਈਕ ਨੂੰ ਕੁਚਲ ਦਿੱਤਾ। ਇਸ ਘਟਨਾ ਵਿੱਚ 5 ਤੋਂ 6 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਤੋਂ ਬਾਅਦ ਡਰਾਈਵਰ ਜਸਵੰਤ ਸਿੰਘ ਮੌਕੇ ਤੋਂ ਫਰਾਰ ਹੈ। ਚਸ਼ਮਦੀਦ ਮੇਵਾ ਸਿੰਘ ਨੇ ਦੱਸਿਆ ਕਿ ਮੈਂ ਐਨਓਸੀ ਲੈਣ ਲਈ ਜ਼ੀਰਾ ਤੋਂ ਲੁਧਿਆਣਾ ਆਇਆ ਹਾਂ। ਮੈਂ ਕਾਫੀ ਦੂਰੋਂ ਬੱਸ ਨੂੰ ਕੁਝ ਲੋਕਾਂ ਨੂੰ ਟੱਕਰ ਮਾਰਦਿਆਂ ਦੇਖਿਆ। ਬੱਸ ਦੀ ਰਫ਼ਤਾਰ ਕਾਫ਼ੀ ਤੇਜ਼ ਸੀ। ਬੱਸ ਵਿੱਚ ਲੋਕ ਵੀ ਬੈਠੇ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਵਾਰੀਆਂ ਨਾਲ ਭਰੀ ਜੁਝਾਰ ਬੱਸ ਨੰਗਲ ਤੋਂ ਆ ਰਹੀ ਸੀ ਅਤੇ ਉਸ ਨੇ ਲੁਧਿਆਣਾ ਬੱਸ ਸਟੈਂਡ ਨੂੰ ਜਾਣਾ ਸੀ।ਇਸ ਦੌਰਾਨ ਬੱਸ ਸਟੈਂਡ ਨੇੜੇ ਇਕ ਈ-ਰਿਕਸ਼ਾ ਅਤੇ ਦੋ ਬਾਈਕ ਦੀ ਟੱਕਰ ਹੋ ਗਈ। ਇਸ ਘਟਨਾ ‘ਚ ਈ-ਰਿਕਸ਼ਾ ‘ਚ ਸਵਾਰ ਸਵਾਰੀਆਂ ਨੂੰ ਸੱਟਾਂ ਲੱਗੀਆਂ ਜਦਕਿ ਵਾਹਨ ਦਾ ਨੁਕਸਾਨ ਹੋ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ 5 ਤੋਂ 6 ਲੋਕਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਦਕਿ ਬੱਸ ‘ਚ ਸਵਾਰ ਕੁਝ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਦੌਰਾਨ ਬਾਈਕ ਸਵਾਰ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਹੈ ਅਤੇ ਬਾਈਕ ਦੀ ਐਨਓਸੀ ਲੈਣ ਲਈ ਬੈਂਕ ਆਇਆ ਸੀ ਅਤੇ ਉਹ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਡਰਾਈਵਰ ਫਰਾਰ ਹੈ, ਉਸ ਦੀ ਭਾਲ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ।