ਨਿਰਪੱਖ ਤੇ ਸ਼ਾਂਤੀਪੂਰਨ ਚੋਣਾਂ ਲਈ ਪੰਜਾਬ ,ਹਰਿਆਣਾ ਅਧਿਕਾਰੀਆਂ ਦੀ ਹੋਈ ਅੰਤਰਰਾਜੀ ਬੈਠਕ

ਪਟਿਆਲਾ : ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ–2025 ਨੂੰ ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਕਰਵਾਉਣ ਲਈ ਅੱਜ ਪਟਿਆਲਾ ਵਿੱਚ ਮਹੱਤਵਪੂਰਨ ਅੰਤਰਰਾਜੀ ਤਾਲਮੇਲ ਬੈਠਕ ਹੋਈ। ਇਹ ਬੈਠਕ ਡਿਪਟੀ ਕਮਿਸ਼ਨਰ–ਕਮ–ਜ਼ਿਲ੍ਹਾ ਚੋਣ ਅਧਿਕਾਰੀਡਾ. ਪ੍ਰੀਤੀ ਯਾਦਵ ਦੀ ਅਗਵਾਈ ਹੇਠ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ, ਜਿਸ ਵਿੱਚ ਪੰਜਾਬ ਅਤੇ ਹਰਿਆਣਾ ਦੇ ਗਵਾਂਢੀ ਜ਼ਿਲ੍ਹਿਆਂ ਦੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਭਾਗ ਲਿਆ।ਬੈਠਕ ਦੌਰਾਨ ਦੋਵੇਂ ਰਾਜਾਂ ਨੇ ਚੋਣਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ 12 ਦਸੰਬਰ ਤੋਂ 24×7 ਅੰਤਰਰਾਜੀ ਨਾਕਾਬੰਦੀ ਲਗਾਉਣ ‘ਤੇ ਸਹਿਮਤੀ ਦਿੱਤੀ। ਨਜ਼ਾਇਜ ਸ਼ਰਾਬ, ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਨਗਦੀ ਦੀ ਤਸਕਰੀ ਰੋਕਣ ਲਈ ਮਿਲਜੁਲ ਕੇ ਕਾਰਵਾਈ ਕਰਨ ਦਾ ਫੈਸਲਾ ਲਿਆ ਗਿਆ।ਅੰਬਾਲਾ, ਕੈਥਲ, ਜੀਂਦ ਅਤੇ ਕੁਰਕਸ਼ੇਤਰਾ ਦੇ ਡਿਪਟੀ ਕਮਿਸ਼ਨਰਾਂ ਤੇ ਐਸ.ਐਸ.ਪੀ ਸਮੇਤ ਹੋਰ ਅਧਿਕਾਰੀਆਂ ਨੇ ਚੋਣ ਪ੍ਰਕਿਰਿਆ ਦੌਰਾਨ ਪੂਰੀ ਸਹਿਯੋਗ ਦੇਣ ਦਾ ਵਾਅਦਾ ਕੀਤਾ। ਫੀਲਡ ਅਧਿਕਾਰੀਆਂ ਦਰਮਿਆਨ ਤੇਜ਼ ਕਮਿਊਨੀਕੇਸ਼ਨ ਚੈਨਲ ਬਣਾਉਣ ਅਤੇ ਮੁੱਖ ਸੜਕਾਂ ਦੇ ਨਾਲ–ਨਾਲ ਲਿੰਕ ਰੋਡਾਂ ਅਤੇ ਕੱਚੇ ਰਸਤੇ ‘ਤੇ ਵੀ ਵਾਧੂ ਗਸ਼ਤ ਬਾਰੇ ਆਪਸੀ ਸਮਝੌਤਾ ਹੋਇਆ।ਪਟਿਆਲਾ ਦੇ ਸ਼ੰਭੂ ਕਲਾਂ, ਘਨੌਰ, ਭੁਨਰਹੇੜੀ; ਕੁਰਕਸ਼ੇਤਰਾ ਨਾਲ ਲੱਗਦੇ ਭੁਨਰਹੇੜੀ; ਕੈਥਲ ਨਾਲ ਲੱਗਦੇ ਸਨੌਰ, ਸਮਾਣਾ, ਪਾਤੜਾਂ; ਅਤੇ ਜੀਂਦ ਨਾਲ ਲੱਗਦੇ ਪਾਤੜਾਂ ਬਲਾਕਾਂ ਦੇ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ‘ਤੇ ਸਖ਼ਤ ਨਿਗਰਾਨੀ ਲਈ ਖਾਸ ਯੋਜਨਾ ਤਿਆਰ ਕੀਤੀ ਗਈ।