ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਸਕੂਲ ਬੱਸ ਨੇ ਸਕੂਟੀ ਨੂੰ ਮਾਰੀ ਟੱਕਰ, 1 ਵਿਦਿਆਰਥਣ ਦੀ ਮੌਤ
ਮੁਕੇਰੀਆਂ : ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ਉੱਤੇ ਸਥਿਤ ਐੱਸ.ਪੀ.ਐੱਨ. ਚੈਰੀਟੇਬਲ ਹਸਪਤਾਲ ਦੇ ਕੋਲ, ਸੁਰਿੰਦਰ ਫਿਲਿੰਗ ਸਟੇਸ਼ਨ ਦੇ ਸਾਹਮਣੇ ਇੱਕ ਸਕੂਲ ਬੱਸ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਇੱਕ ਵਿਦਿਆਰਥਣ ਦੀ ਮੌਤ ਜਦਕਿ 3 ਲੋਕ ਜ਼ਖ਼ਮੀ ਹੋ ਗਏ।ਜਾਣਕਾਰੀ ਦੇ ਅਨੁਸਾਰ, ਪੂਨਮ ਪਤਨੀ ਸ਼ਸ਼ੀ ਪਾਲ, ਵਾਸੀ ਬਧੂਪੁਰ (ਹੁਣ ਮੁਕੇਰੀਆਂ ਦੇ ਰਹਿਣ ਵਾਲੇ) ਬੀਤੀ ਸਵੇਰੇ ਆਪਣੇ ਪੁੱਤਰ ਅਭਿਜੋਤ (11), ਧੀ ਮਹਿਨਾਜ਼ (6) ਅਤੇ ਰਿਸ਼ਤੇਦਾਰ ਦੀ ਧੀ ਜੈਸਿਕਾ (13), ਪੁੱਤਰੀ ਦੀਪਕ, ਵਾਸੀ ਬਧੂਪੁਰ ਨੂੰ ਸਕੂਲ ਛੱਡਣ ਜਾ ਰਹੀ ਸੀ। ਜਿਵੇਂ ਹੀ ਉਹ ਹਾਦਸੇ ਵਾਲੀ ਥਾਂ ਦੇ ਨੇੜੇ ਪਹੁੰਚੇ, ਇੱਕ ਪ੍ਰਾਈਵੇਟ ਸਕੂਲ ਦੀ ਬੱਸ (ਨੰਬਰ PB 07-AS-6747) ਨੇ ਉਨ੍ਹਾਂ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ।ਟੱਕਰ ਤੋਂ ਬਾਅਦ ਸਕੂਟੀ ‘ਤੇ ਸਵਾਰ ਔਰਤ ਅਤੇ ਤਿੰਨੇ ਬੱਚੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਇਲਾਜ ਲਈ ਸਿਵਲ ਹਸਪਤਾਲ ਮੁਕੇਰੀਆਂ ਲਿਜਾਇਆ ਗਿਆ। ਹਸਪਤਾਲ ਵਿੱਚ ਮੌਜੂਦ ਡਾਕਟਰਾਂ ਨੇ ਦੀਪਕ ਦੀ ਧੀ ਜੈਸਿਕਾ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਬਾਕੀ 3 ਜ਼ਖਮੀਆਂ ਨੂੰ ਮੁੱਢਲਾ ਇਲਾਜ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਪੁਲਿਸ ਮੌਕੇ ‘ਤੇ ਪਹੁੰਚੀ, ਬੱਸ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਦੱਸ ਦੇਈਏ ਕਿ ਇਹ ਤਿੰਨੇ ਬੱਚੇ ਸੈਂਟ ਜੋਸਫ ਕਾਨਵੈਂਟ ਸਕੂਲ ਮੁਕੇਰੀਆਂ ਦੇ 8ਵੀਂ, 6ਵੀਂ ਅਤੇ ਯੂ.ਕੇ.ਜੀ. ਦੇ ਵਿਦਿਆਰਥੀ ਸਨ, ਅਤੇ ਬੱਸ ਵੀ ਉਸੇ ਸਕੂਲ ਦੀ ਸੀ।
SikhDiary