PU ਬਚਾਓ ਮੋਰਚਾ ਦੇ ਸੰਘਰਸ਼ ਨੂੰ ਮਿਲੀ ਵੱਡੀ ਜਿੱਤ , ਚੋਣਾਂ ਨੂੰ ਲੈ ਕੇ ਸੀ.ਐਮ ਮਾਨ ਨੇ ਦਿੱਤਾ ਵੱਡਾ ਬਿਆਨ
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਅਤੇ ਸਿੰਡੀਕੇਟ ਚੋਣਾਂ ਨੂੰ ਲੈ ਕੇ ਚਲ ਰਹੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਸੰਘਰਸ਼ ਨੂੰ ਵੱਡੀ ਜਿੱਤ ਮਿਲੀ ਹੈ । ਉਪ-ਪ੍ਰਧਾਨ ਅਤੇ ਪੀ.ਯੂ ਚਾਂਸਲਰ ਨੇ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਨਾਲ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਮੌਕੇ ਵਿਦਿਆਰਥੀਆਂ ਨੇ ਇੱਕ ਜਿੱਤ ਮਾਰਚ ਕੱਢਿਆ ਅਤੇ ਆਪਣਾ ਵਿਰੋਧ ਪ੍ਰਦਰਸ਼ਨ ਖਤਮ ਕੀਤਾ।ਇਸ ਦੇ ਨਾਲ ਹੀ , ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਇਸ ਸਫ਼ਲਤਾ ‘ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ, “ਉਪ-ਪ੍ਰਧਾਨ ਮਾਨਯੋਗ ਸੀ.ਪੀ. ਰਾਧਾਕ੍ਰਿਸ਼ਨਨ ਵੱਲੋਂ ਪੰਜਾਬ ਯੂਨੀਵਰਸਿਟੀ ਲਈ ਸੈਨੇਟ ਚੋਣਾਂ ਦੀ ਪ੍ਰਵਾਨਗੀ ਪੂਰੇ ਪੰਜਾਬ ਲਈ ਇੱਕ ਵੱਡੀ ਜਿੱਤ ਹੈ। ਇਹ ਸੰਸਥਾ ਸਿਰਫ਼ ਇੱਕ ਯੂਨੀਵਰਸਿਟੀ ਨਹੀਂ ਹੈ, ਸਗੋਂ ਪੰਜਾਬ ਦੀ ਵਿਰਾਸਤ ਹੈ।”ਉਨ੍ਹਾਂ ਇਹ ਵੀ ਕਿਹਾ, “ਵਿਦਿਆਰਥੀ, ਅਧਿਆਪਕ, ਯੂਨੀਵਰਸਿਟੀ ਦੇ ਫੈਕਲਟੀ ਮੈਂਬਰ ਅਤੇ ਹਰ ਪੰਜਾਬੀ ਵਧਾਈ ਦਾ ਹੱਕਦਾਰ ਹੈ ਕਿ ਉਹ ਭਾਰੀ ਦਬਾਅ ਦੇ ਬਾਵਜੂਦ ਹਿੰਮਤ ਨਾ ਹਾਰਨ ਅਤੇ ਸੰਘਰਸ਼ ਜਾਰੀ ਰੱਖਣ। ਸੰਘਰਸ਼ ਆਖਰਕਾਰ ਰੰਗ ਲਿਆਇਆ।” ਦੱਸਿਆ ਜਾ ਰਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ 9 ਨਵੰਬਰ ਨੂੰ ਚੋਣਾਂ ਕਰਵਾਉਣ ਲਈ ਤਿਆਰ ਕੀਤਾ ਸ਼ਡਿਊਲ ਚਾਂਸਲਰ ਨੂੰ ਪ੍ਰਵਾਨਗੀ ਲਈ ਭੇਜਿਆ ਸੀ, ਜਿਸ ਨੂੰ ਹੁਣ ਰਸਮੀ ਪ੍ਰਵਾਨਗੀ ਮਿਲ ਗਈ ਹੈ।
SikhDiary