ਕੇਂਦਰ ਸਰਕਾਰ ਨੇ ਪੰਜਾਬ ਦੇ ਦੋ ਅਹਿਮ ਰੇਲਵੇ ਓਵਰਬ੍ਰਿਜਾਂ ਦੇ ਨਿਰਮਾਣ ਨੂੰ ਦਿੱਤੀ ਮਨਜ਼ੂਰੀ

ਚੰਡੀਗੜ੍ਹ : ਕੇਂਦਰ ਸਰਕਾਰ ਨੇ ਪੰਜਾਬ ਦੇ ਬੁਨਿਆਦੀ ਢਾਂਚੇ ਦੇ ਲਈ ਇੱਕ ਵੱਡਾ ਐਲਾਨ ਕਰਦੇ ਹੋਏ, ਦੋਰਾਹਾ ਅਤੇ ਧੂਰੀ ਵਿੱਚ ਦੋ ਅਹਿਮ ਰੇਲਵੇ ਓਵਰਬ੍ਰਿਜਾਂ ਦੇ ਨਿਰਮਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਹ ਐਲਾਨ ਕਰਦੇ ਹੋਏ ਕਿਹਾ ਕਿ ਇਹ ਪ੍ਰੋਜੈਕਟ ਦੇ ਨਾਲ ਸਿਰਫ ਆਵਾਜਾਈ ਹੋਵੇਗੀ ਬਲਕਿ ਪੰਜਾਬ ਦੀ ਆਰਥਿਕ ਤਰੱਕੀ ਦੀ ਰਫਤਾਰ ਵੀ ਤੇਜ਼ ਹੋਵੇਗੀ।ਮੰਤਰੀ ਬਿੱਟੂ ਨੇ ਕਿਹਾ ਕਿ ਦਿੱਲੀ ਤੋਂ ਅੰਮ੍ਰਿਤਸਰ ਸਾਹਿਬ ਨੂੰ ਜੋੜਨ ਵਾਲੀ ਮੁੱਖ ਲਾਈਨ ‘ਤੇ ਸਥਿਤ ਦੋਰਾਹਾ ਰੇਲਵੇ ਓਵਰਬ੍ਰਿਜ ‘ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਪ੍ਰੋਜੈਕਟ ਦੀ ਕੁੱਲ ਲਾਗਤ ਲਗਭਗ ਕਰੀਬ 70 ਕਰੋੜ ਰੁਪਏ ਹੈ। ਉੱਥੇ ਠੇਕੇਦਾਰ ਨੇ ਮਸ਼ੀਨਰੀ ਸਹਿਤ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਪੁਲ ਦੇ ਮੁਕੰਮਲ ਹੋਣ ਨਾਲ ਮਾਲਵੇ ਦੇ ਲੋਕਾਂ ਅਤੇ ਚੰਡੀਗੜ੍ਹ, ਰੋਪੜ ਜਾਂ ਸ੍ਰੀ ਆਨੰਦਪੁਰ ਸਾਹਿਬ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਧੂਰੀ ਦੇ ਲੋਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ 54 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਪੁਲ ਦੀ ਜੀਏਡੀ ਮਨਜ਼ੂਰ ਕਰ ਦਿੱਤੀ ਗਈ ਹੈ, ਅਤੇ ਕੁਝ ਹੀ ਦਿਨਾਂ ਵਿੱਚ ਕੰਮ ਸ਼ੁਰੂ ਹੋ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਜਸਵਿੰਦਰ ਸਿੰਘ ਅਤੇ ਭਾਜਪਾ ਟੀਮ ਦੀ ਵੀ ਪ੍ਰਸ਼ੰਸਾ ਕੀਤੀ, ਜੋ ਪਿਛਲੇ ਚਾਰ ਦਿਨਾਂ ਤੋਂ ਧੂਰੀ ਵਿੱਚ ਭੁੱਖ ਹੜਤਾਲ ਕਰ ਰਹੇ ਹਨ।ਬਿੱਟੂ ਨੇ ਸੀਨੀਅਰ ਆਗੂਆਂ ਨੂੰ ਮੌਕੇ ‘ਤੇ ਜਾ ਕੇ ਜੂਸ ਜਾਂ ਨਾਰੀਅਲ ਪਾਣੀ ਪਿਲਾ ਕੇ ਇਸ ਭੁੱਖ ਹੜਤਾਲ ਨੂੰ ਖਤਮ ਕਰਵਾਉਣ ਦਾ ਨਿਰਦੇਸ਼ ਦਿੱਤਾ। ਰਵਨੀਤ ਬਿੱਟੂ ਨੇ ਇਸ਼ਾਰਾ ਕੀਤਾ ਕਿ ਇਨ੍ਹਾਂ ਪ੍ਰੋਜੈਕਟਾਂ ਵਿੱਚ ਡੂੰਘੀ ਰਾਜਨੀਤੀ ਦੀ ਵਜ੍ਹਾ ਨਾਲ ਦੇਰੀ ਹੋ ਰਹੀ ਹੈ, ਜਿਸ ਬਾਰੇ ਉਹ ਫਿਲਹਾਲ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਕਦੇ-ਕਦੇ ਸਮੇਂ ‘ਤੇ ਸਮੱਸਿਆਵਾਂ ਦਾ ਹੱਲ ਹੋ ਜਾਦਾ ਹੈ ਅਤੇ ਹੁਣ ਉਹ ਸਮਾਂ ਆ ਗਿਆ ਹੈ। ਉਨ੍ਹਾਂ ਨੇ ਇਸ ਕਾਮਯਾਬੀ ਦੇ ਲਈ ਪੂਰੀ ਬਾਜਪਾ ਟੀਮ ਅਤੇ ਸਥਾਨਕ ਸੰਗਠਨਾਂ ਦਾ ਧੰਨਵਾਦ ਕੀਤਾ। ਜਿੰਨ੍ਹਾਂ ਨੇ ਲਗਾਤਾਰ ਤਾਲਮੇਲ ਬਣਾਈ ਰੱਖਿਆ।ਇਹ ਧਿਆਨ ਦੇਣ ਯੋਗ ਹੈ ਕਿ ਜਸਵਿੰਦਰ ਸਿੰਘ ਪਿਛਲੇ ਚਾਰ ਦਿਨਾਂ ਤੋਂ ਧੂਰੀ ਵਿੱਚ ਇੱਕ ਓਵਰਬ੍ਰਿਜ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ‘ਤੇ ਸਨ, ਜਿਸਨੂੰ ਸਥਾਨਕ ਸੰਗਠਨਾਂ ਅਤੇ ਪੂਰੀ ਭਾਜਪਾ ਟੀਮ ਦਾ ਸਮਰਥਨ ਪ੍ਰਾਪਤ ਸੀ। ਪ੍ਰੋਜੈਕਟ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ, ਸੀਨੀਅਰ ਭਾਜਪਾ ਆਗੂ ਮੌਕੇ ‘ਤੇ ਪਹੁੰਚੇ ਅਤੇ ਭੁੱਖ ਹੜਤਾਲ ਖਤਮ ਕੀਤੀ।