ਫਗਵਾੜਾ ’ਚ ਰਾਸ਼ਟਰੀ ਰਾਜਮਾਰਗ 1 ‘ਤੇ ਦਰਦਨਾਕ ਸੜਕ ਹਾਦਸਾ, 2 ਲੋਕਾਂ ਦੀ ਮੌਤ

ਫਗਵਾੜਾ : ਫਗਵਾੜਾ ਵਿੱਚ ਰਾਸ਼ਟਰੀ ਰਾਜਮਾਰਗ 1 ‘ਤੇ ਪਿੰਡ ਚੱਕ ਹਕੀਮ ਦੇ ਨੇੜੇ ਇੱਕ ਤੇਜ਼ ਗਤੀ ਵਿੱਚ ਆ ਰਹੀ  (XUV 300) ਕਾਰ ਦੀ ਸੜਕ ਦੇ ਕਿਨਾਰੇ ਖੜ੍ਹੀ ਬੱਸ ਨਾਲ ਹੋਈ ਭਿਆਨਕ ਟੱਕਰ ਬਾਅਦ ਇੱਕੋ ਪਰਿਵਾਰ ਦੇ ਦੋ ਲੋਕਾਂ ਦੀ ਮੌਤ ਅਤੇ ਪਰਿਵਾਰ ਦੇ 4 ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।ਹਾਦਸੇ ਤੋਂ ਬਾਅਦ, ਰਾਸ਼ਟਰੀ ਰਾਜਮਾਰਗ ਨੰਬਰ 1 ‘ਤੇ ਆਮ ਆਵਾਜਾਈ ਕਾਫ਼ੀ ਸਮੇਂ ਤੱਕ ਪ੍ਰਭਾਵਿਤ ਰਹੀ, ਪਰ ਇਸ ਦੌਰਾਨ ਆਵਾਜਾਈ ਬਹੁਤ ਹੌਲੀ ਰਫ਼ਤਾਰ ਨਾਲ ਚੱਲਦੀ ਰਹੀ। ਚਸ਼ਮਦੀਦਾਂ ਅਨੁਸਾਰ, ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਫਗਵਾੜਾ ਦੇ ਚੱਕ ਹਕੀਮ ਪਿੰਡ ਦੇ ਨੇੜੇ ਤੇਜ਼ ਰਫ਼ਤਾਰ XUV 300 ਕਾਰ ਨੇ ਅਚਾਨਕ ਬੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਮਾਰੇ ਗਏ ਦੋ ਦੀ ਪਹਿਚਾਣ ਗਗਨਦੀਪ ਕੌਰ (28 ਸਾਲ) ਅਤੇ ਸਰਦਾਰ ਪ੍ਰੀਤਪਾਲ ਸਿੰਘ (69 ਸਾਲ) ਦੋਵੇਂ ਲੁਧਿਆਣਾ ਦੇ ਰਹਿਣ ਵਾਲੇ ਹਨ। ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਪਛਾਣ ਗੁਰਮੀਤ ਕੌਰ, ਹਰਮੀਤ ਸਿੰਘ, ਮਨਰਾਜ ਸਿੰਘ ਅਤੇ ਇੱਕ ਹੋਰ ਵਿਅਕਤੀ ਵਜੋਂ ਹੋਈ ਹੈ। ਉਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਸਰਕਾਰੀ ਡਾਕਟਰਾਂ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।