ਜਲੰਧਰ ਦੇ ਕਾਕੀ ਪਿੰਡ ’ਚ ਪ੍ਰਾਪਰਟੀ ਡੀਲਰ ਦੀ ਫਾਰਚੂਨਰ ਗੱਡੀ ’ਤੇ ਚੱਲੀਆਂ ਗੋਲੀਆਂ

ਜਲੰਧਰ : ਜਲੰਧਰ ਦੇ ਰਾਮਾ ਮੰਡੀ ਥਾਣਾ ਖੇਤਰ ਅਧੀਨ ਕਾਕੀ ਪਿੰਡ ਵਿੱਚ ਬੀਤੀ ਦੇਰ ਸ਼ਾਮ ਫਾਇਰਿੰਗ ਦੀ ਸਨਸਨੀਖੇਜ਼ ਘਟਨਾ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਰਾਮਾ ਮੰਡੀ ਬਾਜ਼ਾਰ ਵਿੱਚ ਸਥਿਤ ਆਈ.ਸੀ.ਆਈ.ਸੀ.ਆਈ ਬੈਂਕ ਦੇ ਬਾਹਰ ਕਰੀਬ 7:30 ਵਜੇ ਐਕਟਿਵਾ ਸਵਾਰ ਦੋ ਨੌਜਵਾਨਾਂ ਨੇ ਇੱਕ ਫਾਰਚੂਨਰ ਗੱਡੀ ‘ਤੇ ਅਚਾਨਕ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਬਾਜ਼ਾਰ ਵਿੱਚ ਮੌਜੂਦ ਲੋਕਾਂ ਵਿੱਚ ਦਹਿਸ਼ਤ ਫੈਲ ਗਈ।ਜਾਣਕਾਰੀ ਦੇ ਅਨੁਸਾਰ, ਸ਼ਿਆਮਾ ਨੰਗਲ ਤੋਂ ਐਕਟਿਵਾ ‘ਤੇ ਸਵਾਰ ਨੌਜਵਾਨ ਇੱਕ ਫਾਰਚੂਨਰ ਗੱਡੀ ਦਾ ਪਿੱਛਾ ਕਰ ਰਹੇ ਸਨ, ਜਿਸ ਵਿੱਚ ਪ੍ਰਾਪਰਟੀ ਡੀਲਰ ਸੀ। ਜਿਵੇਂ ਹੀ ਗੱਡੀ ਆਈ.ਸੀ.ਆਈ.ਸੀ.ਆਈ. ਬੈਂਕ ਦੇ ਨੇੜੇ ਪਹੁੰਚੀ, ਹਮਲਾਵਰਾਂ ਨੇ ਫਾਰਚੂਨਰ ‘ਤੇ ਤਾਬੜਤੋਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤਾ। ਹਾਲਤ ਵਿਗੜਦੀ ਦੇਖ, ਫਾਰਚੂਨਰ ਸਵਾਰ ਨੌਜਵਾਨਾਂ ਨੇ ਹਿੰਮਤ ਦਿਖਾਈ ਅਤੇ ਐਕਟਿਵਾ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਨੌਜਵਾਨ ਸੜਕ ‘ਤੇ ਡਿੱਗ ਪਏ।ਦੱਸਿਆ ਜਾ ਰਿਹਾ ਹੈ ਕਿ ਫਾਰਚੂਨਰ ਵਿੱਚ ਸਵਾਰ ਸਿੱਖ ਨੌਜਵਾਨ ਨੇ ਸਵੈ-ਰੱਖਿਆ ਵਿੱਚ ਆਪਣੀ ਪਿਸਤੌਲ ਤੋਂ ਦੋ ਤੋਂ ਤਿੰਨ ਗੋਲੀਆਂ ਚਲਾਈਆਂ। ਅਚਾਨਕ ਹੋਈ ਗੋਲੀਬਾਰੀ ਨੇ ਮੌਕੇ ‘ਤੇ ਅਫੜਾ-ਤਫੜੀ ਮਚਾ ਦਿੱਤੀ। ਇਸ ਦੌਰਾਨ, ਹਮਲਾਵਰ ਆਪਣੀ ਐਕਟਿਵਾ ਮੌਕੇ ’ਤੇ ਹੀ ਛੱਡ ਕੇ ਫਰਾਰ ਹੋ ਗਏ। ਖੁਸ਼ਕਿਸਮਤੀ ਨਾਲ, ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਅਤੇ ਪ੍ਰਾਪਰਟੀ ਡੀਲਰ ਵਾਲ-ਵਾਲ ਬਚ ਗਿਆ।ਘਟਨਾ ਦੀ ਸੂਚਨਾ ਮਿਲਦੇ ਹੀ ਰਾਮਾ ਮੰਡੀ ਪੁਲਿਸ ਅਤੇ ਜਲੰਧਰ ਕਮਿਸ਼ਨਰੇਟ ਦੀਆਂ ਹੋਰ ਟੀਮਾਂ ਮੌਕੇ ‘ਤੇ ਪਹੁੰਚੀਆਂ। ਪੁਲਿਸ ਨੇ ਫਾਰਚੂਨਰ ਅਤੇ ਐਕਟਿਵਾ ਨੂੰ ਜ਼ਬਤ ਕਰ ਲਿਆ ਹੈ। ਮੌਕੇ ਉੱਤੇ ਫਾਇਰਿੰਗ ਵਿੱਚ ਇਸਤੇਮਾਲ ਕੀਤੀਆਂ ਗਿਆ ਗੋਲੀਆਂ ਦੇ ਖਾਲੀ ਖੋਲ ਵੀ ਬਰਾਮਦ ਕੀਤੇ ਗਏ ਹਨ।ਪੁਲਿਸ ਦੁਆਰਾ ਇਲਾਕੇ ਵਿੱਚ ਲਗਾਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ, ਤਾਂ ਜੋ ਫਰਾਰ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾ ਸਕੇ। ਮੁੱਢਲੀ ਜਾਂਚ ਵਿੱਚ ਇਹ ਮਾਮਲਾ ਪੁਰਾਣੀ ਰੰਜਿਸ਼ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਵਿੱਚ ਰੁੱਝੀ ਹੋਈ ਹੈ।