ਕਰਤਾਰਪੁਰ ਲਾਂਘਾ: ਪਾਕਿਸਤਾਨ ਨੇ ਬਾਜ਼ੀ ਮਾਰੀ

ਸਿਹਰਾ ਆਪਣੇ ਸਿਰ ਬੰਨਣ ਲਈ ਭਾਰਤੀ ਸਿਆਸਤਦਾਨਾਂ ਵਲੋਂ ਵੀ ਭੱਜ-ਨੱਠ ਚੰਡੀਗੜ੍ਹ: ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦੀ ਉਸਾਰੀ ਲਈ ਦਿਖਾਈ ਜਾ ਰਹੀ ਦਿਲਚਸਪੀ ਲਈ ਹਰ ਪਾਸੇ ਵਾਹ-ਵਾਹ ਹੋ ਰਹੀ ਹੈ, ਉਥੇ ਭਾਰਤ ਸਰਕਾਰ ਦੀ ਇਸ ਪਾਸੇ ਢਿੱਲ ਉਤੇ ਵੀ ਸਵਾਲ ਉਠ ਰਹੇ ਹਨ। ਲਾਂਘੇ ਦੇ ਐਲਾਨ ਤੋਂ ਬਾਅਦ ਪਾਕਿਸਤਾਨ ਵਾਲੇ ਪਾਸਿਉਂ ਜੰਗੀ ਪੱਧਰ ‘ਤੇ ਕੰਮ ਚੱਲ ਰਿਹਾ ਹੈ, ਉਥੇ ਭਾਰਤੀ ਸਿਆਸਤਦਾਨ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਲਈ ਭੱਜ-ਨੱਠ ਕਰਨ ਵਿਚ ਹੀ ਜੁਟੇ ਹੋਏ ਹਨ। ਪਾਕਿਸਤਾਨ ਦਾ ਦਾਅਵਾ ਹੈ ਕਿ ਉਸ ਨੇ ਲਾਂਘੇ ਦਾ 35 ਫੀਸਦੀ ਕੰਮ ਮੁਕੰਮਲ ਕਰ ਲਿਆ ਹੈ ਤੇ ਅਕਤੂਬਰ ਤੱਕ ਇਹ ਕੰਮ ਪੂਰਾ ਕਰ ਲਿਆ ਜਾਵੇਗਾ। ਜਦੋਂਕਿ ਭਾਰਤ ਸਰਕਾਰ ਵੱਲੋਂ ਸਾਢੇ ਚਾਰ ਕਿਲੋਮੀਟਰ ਰਸਤਾ ਬਣਾਉਣ ਅਤੇ ਜ਼ਮੀਨ ਖਰੀਦਣ ਦੇ ਕੰਮ ਲਈ ਵਿਚਾਰ ਹੀ ਕੀਤੀ ਜਾ ਰਹੀ ਹੈ। ਇਹੀ ਨਹੀਂ, ਪਾਕਿਸਤਾਨ ਵਾਲੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਵਿਖੇ ਪਹੁੰਚਣ ਵਾਲੀ ਸੰਗਤ ਨੂੰ ‘ਬਾਬਾ ਨਾਨਕ ਦੇ ਬਾਗ’ ਦੇ ਫਲ ਪ੍ਰਸਾਦਿ ਵਜੋਂ ਭੇਟ ਕਰਨ ਹਿਤ ਅਮਰੂਦਾਂ ਦਾ ਬਾਗ ਲਗਾਏ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਤਕਰੀਬਨ 4 ਏਕੜ ‘ਤੇ ਅਮਰੂਦਾਂ ਦਾ ਇਹ ਬਾਗ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਹੀ ਲਗਾਇਆ ਜਾਵੇਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਪਹੁੰਚਣ ਵਾਲੀ ਸੰਗਤ ਨੂੰ ਲੰਗਰ ‘ਚ ਗੁਰੂ ਨਾਨਕ ਦੇਵ ਜੀ ਦੇ ਖੇਤਾਂ ਦੀ ਸਰ੍ਹੋਂ ਦੇ ਸਾਗ ਨਾਲ ਮੱਕੀ ਦੇ ਆਟੇ ਦੇ ਪਰਸ਼ਾਦੇ ਛਕਾਏ ਜਾਣਗੇ। ਦੋਵਾਂ ਦੇਸ਼ਾਂ ਵਿਚਾਲੇ ਕਾਗਜ਼ੀ ਕਾਰਵਾਈ ਵਿਚ ਵੀ ਪਾਕਿਸਤਾਨ ਨੇ ਸਰਗਰਮੀ ਦਿਖਾਈ ਹੈ। ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦੇ ਕਰਾਰ ਨੂੰ ਅਮਲੀਜਾਮਾ ਪਹਿਨਾਉਣ ਲਈ ਭਾਰਤੀ ਵਫਦ ਨੂੰ ਇਸਲਾਮਾਬਾਦ ਭੇਜਣ ਲਈ ਆਖਿਆ ਹੈ। ਪਾਕਿਸਤਾਨ ਨੇ ਆਪਣੇ ਵੱਲੋਂ ਤਿਆਰ ਕੀਤੇ ਕਰਾਰ ਦੀ ਕਾਪੀ ਭਾਰਤੀ ਦੂਤਾਵਾਸ ਨਾਲ ਸਾਂਝੀ ਵੀ ਕੀਤੀ ਹੈ। ਇਸ ਦੇ ਨਾਲ ਹੀ ਲਾਂਘੇ ਦੇ ਪ੍ਰੋਜੈਕਟਾਂ ਲਈ ਭਾਰਤ ਵੱਲੋਂ ਫੋਕਲ ਪਰਸਨ ਨਿਯੁਕਤ ਕਰਨ ਦੀ ਵੀ ਮੰਗ ਰੱਖੀ ਹੈ। ਤਕਰੀਬਨ ਦੋ ਮਹੀਨੇ ਪਹਿਲਾਂ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਸਾਢੇ ਚਾਰ ਕਿਲੋਮੀਟਰ ਸੜਕ ਦਾ ਨਿਰਮਾਣ ਸਾਢੇ ਚਾਰ ਮਹੀਨਿਆਂ ਵਿਚ ਹੋਣ ਦੀ ਗੱਲ ਕਹੀ ਸੀ ਤੇ 26 ਜਨਵਰੀ ਨੂੰ ਇਸ ਐਲਾਨ ਨੂੰ ਦੋ ਮਹੀਨੇ ਹੋ ਗਏ ਹਨ। ਭਾਰਤ ਵਾਲੇ ਪਾਸੇ ਲਾਂਘੇ ਵਾਲੀ ਥਾਂ ਉਤੇ ਸਿਰਫ ਲਾਲ ਝੰਡੀ ਹੀ ਗੱਡੀ ਗਈ ਹੈ। ਜਿਨ੍ਹਾਂ ਕਿਸਾਨਾਂ ਦੀ ਜਮੀਨ ਇਸ ਲਾਂਘੇ ਵਿਚ ਆਉਣੀ ਹੈ, ਉਹ ਇਸ ਗੱਲੋਂ ਵੀ ਦੁਖੀ ਹਨ ਕਿ ਹਫਤੇ ਬਾਅਦ ਇਸ ਝੰਡੀ ਨੂੰ ਪੁੱਟ ਕੇ ਅੱਗੇ-ਪਿੱਛੇ ਕਰ ਦਿੱਤਾ ਜਾਂਦਾ ਹੈ ਜਿਸ ਕਾਰਨ ਅੱਜ ਤੱਕ ਪਤਾ ਨਹੀਂ ਲੱਗਾ ਕਿ ਉਨ੍ਹਾਂ ਦੀ ਜਮੀਨ ਵੀ ਇਸ ਲਾਂਘੇ ਵਿਚ ਆਉਣ ਹੈ ਜਾਂ ਨਹੀਂ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਨਿਆ ਕਿ ਕਰਤਾਰਪੁਰ ਸਾਹਿਬ ਵਿਖੇ ਭਾਰਤੀ ਸ਼ਰਧਾਲੂਆਂ ਦੇ ਜਾਣ ਦੇ ਤਰੀਕੇ ਸਬੰਧੀ ਅਜੇ ਦੋਵੇਂ ਦੇਸ਼ਾਂ ਵੱਲੋਂ ਫੈਸਲਾ ਨਹੀਂ ਕੀਤਾ ਗਿਆ ਹੈ। ਸ਼ਰਧਾਲੂਆਂ ਨੂੰ ਪਾਸਪੋਰਟ ਰਾਹੀਂ ਦਾਖਲਾ ਦਿੱਤਾ ਜਾਵੇਗਾ ਜਾਂ ਵੀਜ਼ਾ ਅਪਲਾਈ ਕਰਨਾ ਪਵੇਗਾ, ਅਜਿਹੇ ਮੁੱਦਿਆਂ ਸਬੰਧੀ ਦੋਵੇਂ ਦੇਸ਼ਾਂ ਵੱਲੋਂ ਵਿਚਾਰ ਚਰਚਾ ਅਜੇ ਨਹੀਂ ਕੀਤੀ ਗਈ। ਦੱਸ ਦਈਏ ਕਿ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਉਹ ਜਗ੍ਹਾ ਹੈ, ਜਿਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਅੰਤਿਮ ਸਮਾਂ ਬਿਤਾਇਆ। ਸਿੱਖਾਂ ਵੱਲੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਭਾਰਤ ਤੋਂ ਸਿਰਫ 4 ਕਿਲੋਮੀਟਰ ਦੂਰੀ ਉਤੇ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਲਈ ਲਾਂਘਾ ਬਣੇ। ਇਹ ਮੰਗ ਪਿਛਲੇ 71 ਸਾਲਾਂ ਤੋਂ ਕੀਤੀ ਜਾ ਰਹੀ ਹੈ ਪਰ ਦੋਵਾਂ ਦੇਸ਼ਾਂ ਵਿਚਾਲੇ ਵਿਗੜੇ ਸਬੰਧ ਹਮੇਸ਼ਾ ਇਸ ਵਿਚ ਰੋੜਾ ਬਣਦੇ ਰਹੇ। ਹੁਣ ਪਾਕਿਸਤਾਨ ਵਿਚ ਇਮਰਾਨ ਖਾਨ ਸਰਕਾਰ ਬਣਨ ਨਾਲ ਇਸ ਲਾਂਘੇ ਦੇ ਖੁੱਲ੍ਹਣ ਦਾ ਮੁੱਢ ਬੱਝਾ। ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਦਿੱਤਾ ਗਿਆ ਸੀ। ਜਿਥੇ ਪਾਕਿਸਤਾਨ ਦੇ ਫੌਜ ਮੁਖੀ ਨੇ ਸਿੱਧੂ ਨੂੰ ਜੱਫੀ ਪਾ ਕੇ ਉਨ੍ਹਾਂ ਦੇ ਕੰਨ ਵਿਚ ਲਾਂਘਾ ਖੋਲ੍ਹਣ ਦੀ ਗੱਲ ਆਖੀ। ਬੱਸ ਇਸੇ ਜੱਫੀ ਨੇ ਲਾਂਘੇ ਨੂੰ ਖੋਲ੍ਹਣ ਦਾ ਰਾਹ ਸਾਫ ਕਰ ਦਿੱਤਾ। ਸਿੱਧੂ ਨੇ ਭਾਰਤ ਪਰਤਦਿਆਂ ਹੀ ਦਾਅਵਾ ਕਰ ਦਿੱਤਾ ਕਿ ਪਾਕਿਸਤਾਨ ਲਾਂਘਾ ਖੋਲ੍ਹਣ ਲਈ ਰਾਜ਼ੀ ਹੈ, ਪਰ ਉਨ੍ਹਾਂ ਦਾ ਮਜ਼ਾਕ ਉਡਾਇਆ ਗਿਆ। ਫੌਜ ਮੁਖੀ ਨਾਲ ਜੱਫੀ ਨੂੰ ਵਿਰੋਧੀ ਸਿਆਸੀ ਧਿਰਾਂ ਨੇ ਵੱਡਾ ਮੁੱਦਾ ਬਣਾਇਆ ਗਿਆ। ਇਥੋਂ ਤੱਕ ਕਿ ਸਿੱਧੂ ਦੀ ਆਪਣੀ ਸਰਕਾਰ ਉਸ ਨਾਲ ਨਾ ਖੜ੍ਹੀ ਤੇ ਉਸ ਦੀ ਪਾਕਿਸਤਾਨ ਫੇਰੀ ਦੀ ਅਲੋਚਨਾ ਕੀਤੀ, ਪਰ ਪਾਕਿਸਤਾਨ ਵੱਲੋਂ ਲਾਂਘੇ ਵਾਲੇ ਪਾਸੇ ਵਿਖਾਈ ਪਹਿਲਕਦਮੀ ਕਾਰਨ ਭਾਰਤ ਨੂੰ ਵੀ ਅੱਗੇ ਆਉਣਾ ਪਿਆ ਤੇ ਕੈਬਨਿਟ ਮੀਟਿੰਗ ਵਿਚ ਲਾਂਘੇ ਬਾਰੇ ਐਲਾਨ ਕਰ ਦਿੱਤਾ। ਭਾਰਤ ਵੱਲੋਂ ਕੀਤੇ ਐਲਾਨ ਨੂੰ ਅਜੇ ਦੋ ਘੰਟੇ ਹੀ ਹੋਏ ਸਨ ਕਿ ਇਮਰਾਨ ਖਾਨ ਸਰਕਾਰ ਨੇ ਫਿਰ ਬਾਜ਼ੀ ਮਾਰ ਲਈ ਤੇ 28 ਨਵੰਬਰ ਨੂੰ ਲਾਂਘੇ ਦੇ ਉਦਘਾਟਨ ਦਾ ਐਲਾਨ ਕਰ ਦਿੱਤਾ। ਇਸ ਪਿੱਛੋਂ ਮੋਦੀ ਸਰਕਾਰ ਨੂੰ ਵੀ 26 ਨਵੰਬਰ ਨੂੰ ਉਦਘਾਟਨ ਦਾ ਐਲਾਨ ਕਰਨਾ ਪਿਆ। ਹਾਲਾਂਕਿ ਇਹ ਉਦਘਾਟਨ ਵੀ ਸਿਆਸਤ ਦਾ ਸ਼ਿਕਾਰ ਹੋ ਗਿਆ ਤੇ ਇਸ ਮੌਕੇ ਰੱਖੇ ਗਏ ਸਮਾਗਮ ਵਿਚ ਅਕਾਲੀ ਤੇ ਕਾਂਗਰਸੀ ਖਹਿਬੜ ਪਏ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਦਘਾਟਨ ਮੌਕੇ ਪਾਕਿਸਤਾਨ ਦੀ ਤਰੀਫ ਕਰਨ ਦੀ ਥਾਂ ਉਸ ਨੂੰ ਵੰਗਾਰਨਾ ਸ਼ੁਰੂ ਕਰ ਦਿੱਤਾ। ਉਹ ਅੱਜ ਵੀ ਦਾਅਵਾ ਕਰ ਰਹੇ ਹਨ ਕਿ ਲਾਂਘੇ ਰਾਹੀਂ ਪਾਕਿਸਤਾਨ, ਭਾਰਤ ਵਿਚ ਅਤਿਵਾਦੀ ਭੇਜੇਗਾ। ਕੁੱਲ ਮਿਲਾ ਕੇ ਭਾਰਤੀ ਸਿਆਸਤਦਾਨਾਂ ਦੀ ਲਾਂਘਾ ਖੋਲ੍ਹਣ ਵਿਚ ਭੂਮਿਕਾ ਨਾਂਹ ਪੱਖੀ ਰਹੀ ਹੈ। ਸਵਾਲ ਇਹ ਕੀਤਾ ਜਾ ਰਿਹਾ ਹੈ ਕਿ ਇਹ ਮੰਗ ਭਾਰਤੀ ਲੋਕਾਂ (ਸਿੱਖਾਂ) ਦੀ ਸੀ ਤੇ ਮੋਦੀ ਸਰਕਾਰ ਨੂੰ ਇਸ ਪਾਸੇ ਫਰਾਖਦਿਲੀ ਵਿਖਾਉਣੀ ਚਾਹੀਦੀ ਸੀ, ਪਰ ਭਾਰਤੀ ਸਿਆਸਤਦਾਨ ਇਸ ਅਹਿਮ ਮੁੱਦੇ ਨਾਲੋਂ ਆਪਣੀ ਸਿਆਸਤ ਚਮਕਾਉਣ ਨੂੰ ਵੱਧ ਤਰਜੀਹ ਦੇ ਰਹੇ ਹਨ। ਵੀਜ਼ਾ ਰਹਿਤ ਲਾਂਘੇ ਦੀ ਮੰਗ ਨੇ ਜ਼ੋਰ ਫੜਿਆ ਵੀਜ਼ਾ ਰਹਿਤ ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਜ਼ੋਰ ਫੜਨ ਲੱਗੀ ਹੈ, ਜਿਸ ਪਿੱਛੋਂ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਪਾਸੇ ਵਿਚਾਰ ਕੀਤਾ ਜਾਵੇ। ਕੈਪਟਨ ਨੇ ਕੇਂਦਰ ਕੋਲ ਪਹੁੰਚ ਕਰ ਕੇ ਆਖਿਆ ਹੈ ਕਿ ਸਿੱਖ ਸੰਗਤ ਦੀ ਸਹੂਲਤ ਨੂੰ ਮੁੱਖ ਰੱਖ ਕੇ ਇਸ ਪਾਸੇ ਵਿਚਾਰ ਕੀਤਾ ਜਾਵੇ। ਦੱਸ ਦਈਏ ਕਿ ਪਾਕਿਸਤਾਨ ਸਰਕਾਰ ਵੱਲੋਂ ਵੀ ਇਸ ਪਾਸੇ ਚਰਚਾ ਕੀਤੀ ਜਾ ਰਹੀ ਹੈ। ਪਾਕਿਸਤਾਨ ਸਰਕਾਰ ਨੇ ਇਕ ਪੱਤਰ ਭੇਜ ਕੇ ਸਿੱਖ ਸੰਗਤਾਂ ਦੇ ਆਉਣ ਜਾਣ ਦੇ ਸਮੇਂ ਤੋਂ ਲੈ ਕੇ ਹੋਰ ਸ਼ਰਤਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ ਹੈ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਸ੍ਰੀ ਗੁਰੂ ਨਾਨਕ ਦੇਵ ਨਾਲ ਸਬੰਧਤ ਥਾਂਵਾਂ ਦੀ ਪੁਰਾਤਨ ਅਤੇ ਵਿਰਾਸਤੀ ਦਿੱਖ ਨੂੰ ਬਹਾਲ ਰੱਖਣ ਲਈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪਾਕਿਸਤਾਨ ਦੇ ਵਜ਼ੀਰ-ਏ-ਆਜ਼ਮ ਇਮਰਾਨ ਖਾਨ ਨੂੰ ਪੱਤਰ ਲਿਖੇ ਹਨ। ਉਨ੍ਹਾਂ ਬੇਨਤੀ ਕੀਤੀ ਹੈ ਕਿ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਡੇਰਾ ਬਾਬਾ ਨਾਨਕ ਤੇ ਇਨ੍ਹਾਂ ਨੇੜਲੇ ਇਲਾਕੇ ਦੀ ਪਵਿੱਤਰਤਾ ਤੇ ਪੁਰਾਤਨ ਦਿੱਖ ਬਹਾਲ ਰੱਖੀ ਜਾਵੇ।