ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੂੰ ਦਿੱਤੇ ਇਹ ਨਿਰਦੇਸ਼
ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੂੰ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਲੋਕਾਂ ਨੂੰ ਸਿਹਤ ਜਾਂਚ ਅਤੇ ਇਲਾਜ ਦੇ ਮਾਮਲੇ ਵਿੱਚ ਰਾਹਤ ਪ੍ਰਦਾਨ ਕਰਨ ਲਈ ਆਪਣੇ ਯਤਨ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਹੜ੍ਹਾਂ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਵਿਆਪਕ ਨੁਕਸਾਨ ਕੀਤਾ ਹੈ ਅਤੇ ਹੁਣ ਜਦੋਂ ਪਾਣੀ ਘੱਟਣਾ ਸ਼ੁਰੂ ਹੋ ਗਿਆ ਹੈ, ਤਾਂ ਮਨੁੱਖਾਂ ਅਤੇ ਜਾਨਵਰਾਂ ਵਿੱਚ ਬਿਮਾਰੀਆਂ ਫੈਲਣ ਦਾ ਖ਼ਤਰਾ ਹੈ।ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਪਹਿਲਾਂ ਹੀ ਮਨੁੱਖਾਂ ਅਤੇ ਜਾਨਵਰਾਂ ਵਿੱਚ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਵੱਡੇ ਪੱਧਰ ‘ਤੇ ਯਤਨ ਕਰ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਲਗਾਏ ਗਏ ਸਿਹਤ ਜਾਂਚ ਕੈਂਪਾਂ ਤੋਂ ਹੁਣ ਤੱਕ ਲਗਭਗ 1.50 ਲੱਖ ਲੋਕਾਂ ਨੇ ਲਾਭ ਉਠਾਇਆ ਹੈ। ਇਨ੍ਹਾਂ ਕੈਂਪਾਂ ਵਿੱਚ ਵੱਡੇ ਪੱਧਰ ‘ਤੇ ਬੁਖਾਰ, ਦਸਤ, ਚਮੜੀ ਦੀ ਲਾਗ ਅਤੇ ਹੋਰ ਬਿਮਾਰੀਆਂ ਦਾ ਪਤਾ ਲੱਗਿਆ ਹੈ।ਉਨ੍ਹਾਂ ਕਿਹਾ ਕਿ ਹੜ੍ਹਾਂ ਤੋਂ ਬਾਅਦ ਪੈਦਾ ਹੋਣ ਵਾਲੀਆਂ ਸਿਹਤ ਸਮੱਸਿਆਵਾਂ, ਜਿਸ ਵਿੱਚ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਸਿਹਤ ਸੇਵਾਵਾਂ ਤੱਕ ਪਹੁੰਚ, ਬਰਸਾਤ ਦੇ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ, ਛੂਤ ਦੀਆਂ ਬਿਮਾਰੀਆਂ, ਬਜ਼ੁਰਗਾਂ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣਾ ਸ਼ਾਮਲ ਹੈ, ਦੇ ਸਬੰਧ ਵਿੱਚ 14 ਸਤੰਬਰ ਨੂੰ ਇੱਕ ਵਿਸ਼ੇਸ਼ ਸਿਹਤ ਸੰਭਾਲ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਤੋਂ ਇਲਾਵਾ, ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਵਿਆਪਕ ਸਿਹਤ ਜਾਂਚ ਯਕੀਨੀ ਬਣਾਈ ਜਾਣੀ ਹੈ। ਇਸ ਤਹਿਤ ਤਿੰਨ ਦਿਨਾਂ ਦੌਰਾਨ ਸਾਰੇ ਪ੍ਰਭਾਵਿਤ 2303 ਪਿੰਡਾਂ ਵਿੱਚ ਮੈਡੀਕਲ ਜਾਂਚ ਕੈਂਪ ਲਗਾਏ ਗਏ ਹਨ।ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਕੈਂਪਾਂ ਵਿੱਚ ਡਾਕਟਰ, ਪੈਰਾ-ਮੈਡੀਕਲ ਟੀਮਾਂ, ਸਹਾਇਕ ਸਟਾਫ਼ ਦੇ ਨਾਲ-ਨਾਲ ਜ਼ਰੂਰੀ ਦਵਾਈਆਂ ਅਤੇ ਹੋਰ ਸਮੱਗਰੀ ਵੀ ਉਪਲਬਧ ਕਰਵਾਈ ਗਈ ਹੈ। ਭਗਵੰਤ ਮਾਨ ਨੇ ਕਿਹਾ ਕਿ ਇਸੇ ਤਰ੍ਹਾਂ ਹਰ ਆਸ਼ਾ ਵਰਕਰ ਆਪਣੇ ਪਿੰਡ ਦੇ ਹਰ ਘਰ ਦਾ ਦੌਰਾ ਕਰ ਰਹੀ ਹੈ ਅਤੇ ਹੁਣ ਤੱਕ ਲਗਭਗ 2.47 ਲੱਖ ਘਰਾਂ ਤੱਕ ਪਹੁੰਚ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਸਿਹਤ ਕਿੱਟਾਂ ਵੰਡੀਆਂ ਗਈਆਂ ਹਨ, ਜਿਨ੍ਹਾਂ ਵਿੱਚ ਓ.ਆਰ.ਐਸ., ਮੱਛਰ ਭਜਾਉਣ ਵਾਲੀ ਦਵਾਈ, ਪੈਰਾਸੀਟਾਮੋਲ, ਸੇਟੀਰਾਜ਼ੀਨ, ਕਲੋਰੀਨ ਦੀਆਂ ਗੋਲੀਆਂ, ਸਾਬਣ ਅਤੇ ਹੋਰ ਮੁੱਢਲੀ ਡਾਕਟਰੀ ਸਹਾਇਤਾ ਸਮੱਗਰੀ ਸ਼ਾਮਲ ਹੈ। 20 ਸਤੰਬਰ 2025 ਤੱਕ ਹਰ ਘਰ ਤੱਕ ਪਹੁੰਚਣ ਦਾ ਟੀਚਾ ਹੈ।ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਪਿੰਡਾਂ ਨੂੰ ਕਵਰ ਕਰਨ ਦੇ ਉਦੇਸ਼ ਨਾਲ 21 ਦਿਨਾਂ ਲਈ ਫੌਗਿੰਗ ਅਤੇ ਮੱਛਰ ਕੰਟਰੋਲ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤਹਿਤ ਮੱਛਰਾਂ ਦੇ ਪ੍ਰਜਨਨ ਸਥਾਨਾਂ ਦਾ ਘਰ-ਘਰ ਜਾ ਕੇ ਨਿਰੀਖਣ ਕੀਤਾ ਜਾਵੇਗਾ ਅਤੇ ਜਿੱਥੇ ਵੀ ਲਾਰਵਾ ਮਿਲੇਗਾ, ਉੱਥੇ ਤੁਰੰਤ ਛਿੜਕਾਅ ਕੀਤਾ ਜਾਵੇਗਾ। ਜਿੱਥੇ-ਜਿੱਥੇ ਮੱਛਰਾਂ ਦੇ ਲਾਰਵੇ ਮਿਲੇ ਹਨ, ਉੱਥੇ ਰੋਜ਼ਾਨਾ ਛਿੜਕਾਅ ਕੀਤਾ ਜਾ ਰਿਹਾ ਹੈ। ਪਸ਼ੂ ਪਾਲਣ ਵਿਭਾਗ ਨੇ ਪਸ਼ੂਆਂ ਵਿੱਚ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਇੱਕ ਜ਼ੋਰਦਾਰ ਮੁਹਿੰਮ ਵੀ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 14780 ਜਾਨਵਰਾਂ ਦਾ ਇਲਾਜ ਕੀਤਾ ਗਿਆ ਹੈ ਅਤੇ 48535 ਜਾਨਵਰਾਂ ਦਾ ਮੁਫ਼ਤ ਟੀਕਾਕਰਨ ਕੀਤਾ ਗਿਆ ਹੈ।ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੜ੍ਹਾਂ ਵਿੱਚ ਮਾਰੇ ਗਏ ਜਾਨਵਰਾਂ ਦੀਆਂ ਲਾਸ਼ਾਂ ਦਾ ਸੁਰੱਖਿਅਤ ਅਤੇ ਵਿਗਿਆਨਕ ਨਿਪਟਾਰਾ ਯਕੀਨੀ ਬਣਾਇਆ ਜਾ ਰਿਹਾ ਹੈ ਤਾਂ ਜੋ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਲਈ ਮਿੱਟੀ ਅਤੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਰੋਕਿਆ ਜਾ ਸਕੇ। ਮੁੱਖ ਮੰਤਰੀ ਨੇ ਪਿੰਡਾਂ, ਗਲੀਆਂ, ਛੱਪੜਾਂ (ਫਿਰਨੀ, ਨਾਲੀਆਂ, ਗਲੀਆਂ ਅਤੇ ਹੋਰ) ਵਿੱਚ ਬਿਨਾਂ ਕਿਸੇ ਦੇਰੀ ਦੇ ਸਫਾਈ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਖੇਤਰਾਂ ਵਿੱਚ ਬਾਹਰੀ ਫੋਗਿੰਗ ਦੇ ਨਾਲ-ਨਾਲ, ਕੂੜੇ ਦਾ ਪ੍ਰਬੰਧਨ ਅਤੇ ਸਮੇਂ ਸਿਰ ਨਿਪਟਾਰਾ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਮੱਛਰਾਂ ਦੇ ਪ੍ਰਜਨਨ ਨੂੰ ਰੋਕਿਆ ਜਾ ਸਕੇ। ਭਗਵੰਤ ਸਿੰਘ ਮਾਨ ਨੇ ਪ੍ਰਭਾਵਿਤ ਖੇਤਰਾਂ ਵਿੱਚ ਵੱਡੇ ਪੱਧਰ ‘ਤੇ ਸਫਾਈ ਮੁਹਿੰਮਾਂ ਅਤੇ ਖੜ੍ਹੇ ਪਾਣੀ ਦੀ ਨਿਕਾਸੀ ਦੇ ਨਾਲ-ਨਾਲ ਫੋਗਿੰਗ ਦੀ ਵਕਾਲਤ ਕੀਤੀ।ਉਨ੍ਹਾਂ ਕਿਹਾ ਕਿ ਖੇਤਾਂ ਅਤੇ ਪਿੰਡਾਂ ਦੇ ਆਲੇ-ਦੁਆਲੇ ਗੰਦੇ ਪਾਣੀ ਦੀ ਨਿਕਾਸੀ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਗ੍ਰਾਮ ਰੋਜ਼ਗਾਰ ਸੇਵਕਾਂ ਨੂੰ ਮੱਛਰਾਂ ਦੀ ਪ੍ਰਜਨਨ ਨੂੰ ਰੋਕਣ ਲਈ ਫੋਗਿੰਗ ਅਤੇ ਸਫਾਈ ਮੁਹਿੰਮਾਂ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਫਾਈ ਦਾ ਕੰਮ 21 ਸਤੰਬਰ ਤੱਕ ਪੂਰਾ ਕਰ ਲਿਆ ਜਾਵੇ ਅਤੇ ਪਿੰਡਾਂ ਵਿੱਚ ਪਸ਼ੂਆਂ ਦੇ ਵਾੜਿਆਂ ਅਤੇ ਚਾਰੇ ਦੇ ਭੰਡਾਰਨ ਵਾਲੇ ਖੇਤਰਾਂ ਦੀ ਸਫਾਈ ਕੀਤੀ ਜਾਵੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਸ਼ੂਆਂ ਦੇ ਖੁਰਾਂ ਅਤੇ ਪਾਣੀ ਦੇਣ ਵਾਲੇ ਖੇਤਰਾਂ ਦੀ ਵੀ ਸਹੀ ਸਫਾਈ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਸ਼ੂਆਂ ਦੇ ਵਾੜਿਆਂ ਅਤੇ ਪਾਣੀ ਦੇਣ ਵਾਲੇ ਖੇਤਰਾਂ ਨੂੰ ਬਿਮਾਰੀਆਂ ਤੋਂ ਮੁਕਤ ਰੱਖਣ ਲਈ ਪੋਟਾਸ਼ੀਅਮ ਪਰਮੇਂਗਨੇਟ ਵੀ ਪਸ਼ੂਆਂ ਦੇ ਵਾੜਿਆਂ ਅਤੇ ਪਾਣੀ ਦੇਣ ਵਾਲੇ ਖੇਤਰਾਂ ਨੂੰ ਮੁਫ਼ਤ ਵੰਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਨਿਯਮਤ ਤੌਰ ‘ਤੇ ਪੋਟਾਸ਼ੀਅਮ ਪਰਮੇਂਗਨੇਟ ਨਾਲ ਜਾਨਵਰਾਂ ਦੇ ਖੁਰਾਂ ਨੂੰ ਸਾਫ਼ ਕਰਨ ਤਾਂ ਜੋ ਉਨ੍ਹਾਂ ਦੇ ਖੁਰ ਕਿਸੇ ਵੀ ਬਿਮਾਰੀ ਤੋਂ ਪ੍ਰਭਾਵਿਤ ਨਾ ਹੋਣ।ਉਨ੍ਹਾਂ ਕਿਹਾ ਕਿ ਪਸ਼ੂਆਂ ਦੇ ਥਣਾਂ ਦੀ ਬਿਮਾਰੀ ਦੇ ਜੋਖਮ ਨੂੰ ਘਟਾਉਣ ਲਈ, ਦੁੱਧ ਕੱਢਣ ਤੋਂ ਪਹਿਲਾਂ ਥਣਾਂ ਨੂੰ ਦਵਾਈ ਨਾਲ ਚੰਗੀ ਤਰ੍ਹਾਂ ਸਾਫ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਪਸ਼ੂ ਮਾਲਕਾਂ ਨੂੰ ਪਸ਼ੂਆਂ ਦੀ ਚੰਗੀ ਦੇਖਭਾਲ ਕਰਨ ਦੀ ਜ਼ਰੂਰਤ ਤੋਂ ਜਾਣੂ ਕਰਵਾਉਣ ਲਈ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜ਼ਰੂਰੀ ਦਵਾਈਆਂ ਮੁਫ਼ਤ ਵੰਡੀਆਂ ਜਾ ਰਹੀਆਂ ਹਨ ਅਤੇ ਹੋਰ ਸਹਾਇਤਾ ਵੀ ਯਕੀਨੀ ਬਣਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਕੈਂਪਾਂ ਵਿੱਚ ਹੁਣ ਤੱਕ 14780 ਪਸ਼ੂਆਂ ਦਾ ਜ਼ਰੂਰੀ ਇਲਾਜ ਕੀਤਾ ਜਾ ਚੁੱਕਾ ਹੈ ਅਤੇ ਸਾਰੇ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ 24 ਘੰਟੇ ਕੰਟਰੋਲ ਰੂਮ ਕੰਮ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਕੰਟਰੋਲ ਰੂਮਾਂ ਦੀ ਨਿਗਰਾਨੀ ਸਬੰਧਤ ਵੈਟਰਨਰੀ ਅਫ਼ਸਰਾਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਮੋਬਾਈਲ ‘ਤੇ ਵੀ ਸਲਾਹ ਦਿੱਤੀ ਜਾ ਰਹੀ ਹੈ। ਬਿਹਤਰ ਅੰਤਰ-ਵਿਭਾਗੀ ਤਾਲਮੇਲ ਦੀ ਵਕਾਲਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਨੂੰ ਰਾਹਤ ਪ੍ਰਦਾਨ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਪਾਣੀ ਦੀ ਨਿਯਮਤ ਜਾਂਚ ਅਤੇ ਕਲੋਰੀਨੇਸ਼ਨ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਪਾਣੀ ਸਪਲਾਈ ਪਾਈਪਲਾਈਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲੀਕੇਜ ਦੀ ਤੁਰੰਤ ਮੁਰੰਮਤ ਕੀਤੀ ਜਾਣੀ ਚਾਹੀਦੀ ਹੈ।