ਰੋਡਵੇਜ਼ ਬੱਸ ਦੀ ਟੱਕਰ ਲੱਗਣ ਨਾਲ ਦੋ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਦੀ ਮੌਕੇ ‘ਤੇ ਹੀ ਹੋਈ ਮੌਤ
ਮਾਨਸਾ: ਮਾਨਸਾ-ਝੁਨੀਰ ਰੋਡ ‘ਤੇ ਅੱਜ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ ਵਿੱਚ ਰੋਡਵੇਜ਼ ਬੱਸ ਦੀ ਟੱਕਰ ਲੱਗਣ ਨਾਲ ਦੋ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਦੋਵੇਂ ਲੜਕੀਆਂ ਝੁਨੀਰ ਦੇ ਬਾਜੀਗਰ ਬਸਤੀ ਦੀਆਂ ਰਹਿਣ ਵਾਲੀਆਂ ਸਨ ਅਤੇ ਆਪਣੇ ਪਿਤਾ ਨਾਲ ਸਕੂਟਰ ‘ਤੇ ਸਕੂਲ ਜਾ ਰਹੀਆਂ ਸਨ।ਰਿਪੋਰਟਾਂ ਅਨੁਸਾਰ, ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਰੋਡਵੇਜ਼ ਬੱਸ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਲੜਕੀਆਂ ਬੱਸ ਦੇ ਹੇਠਾਂ ਦੱਬ ਗਈਆਂ। ਹਾਦਸੇ ਤੋਂ ਬਾਅਦ ਮੌਕੇ ‘ਤੇ ਵੱਡੀ ਭੀੜ ਇਕੱਠੀ ਹੋ ਗਈ। ਸੂਚਨਾ ਮਿਲਣ ‘ਤੇ ਪੁਲਿਸ ਟੀਮ ਤੁਰੰਤ ਪਹੁੰਚੀ ਅਤੇ ਬੱਸ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਜਦੋਂ ਕਿ ਘਟਨਾ ਸਥਾਨ ‘ਤੇ ਮਾਹੌਲ ਗ਼ਮਗੀਨ ਬਣਿਆ ਹੋਇਆ ਹੈ। ਦੋਵਾਂ ਲੜਕੀਆਂ ਦੀ ਮੌਤ ਨਾਲ ਸਥਾਨਕ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਹਾਦਸੇ ਲਈ ਜ਼ਿੰਮੇਵਾਰ ਡਰਾਈਵਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।