ਸਮਾਰਟ ਮੀਟਰ ਲਗਾਉਣ ਗਏ ਕਰਮਚਾਰੀਆਂ ਦਾ ਪਿੰਡ ਵਾਲਿਆਂ ਨੇ ਕੀਤਾ ਵਿਰੋਧ

ਪੰਜਾਬ : ਪੰਜਾਬ ਸਟੇਟ ਪਾਵਰਕਾਮ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵੱਲੋਂ ਸੂਬੇ ਵਿੱਚ ਲਗਾਏ ਜਾ ਰਹੇ ਸਮਾਰਟ ਬਿਜਲੀ ਮੀਟਰਾਂ ਦੇ ਵਿਰੋਧ ਵਿੱਚ ਨੇੜਲੇ ਪਿੰਡਾਂ ਰਾਮਪੁਰ ਖੁਰਦ ਅਤੇ ਰਾਮਨਗਰ ਦੇ ਵਸਨੀਕਾਂ ਨੇ ਸਰਬਸੰਮਤੀ ਨਾਲ ਇੱਕ ਮਤਾ ਪਾਸ ਕੀਤਾ ਹੈ। ਇਹ ਮਤਾ ਬਨੂੜ ਸਥਿਤ ਪਾਵਰਕਾਮ ਦੇ ਐਸ.ਡੀ.ਓ. ਨੂੰ ਸੌਂਪਿਆ ਗਿਆ ।ਭਾਰਤੀ ਕਿਸਾਨ ਯੂਨੀਅਨ ਭਟੇੜੀ ਕਲਾਂ ਦੇ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ (ਸਾਬਕਾ ਸਰਪੰਚ ਰਾਮਪੁਰ ਖੁਰਦ), ਬਾਬੂ ਸਿੰਘ (ਸਰਪੰਚ), ਗੁਰਦੀਪ ਸਿੰਘ (ਪੰਚ), ਨੰਬਰਦਾਰ ਸਿਮਰਨਜੀਤ ਸਿੰਘ, ਗੁਰਪ੍ਰੀਤ ਸਿੰਘ, ਖੇਮ ਸਿੰਘ (ਰਾਮਨਗਰ), ਦਿਲਬਾਗ ਸਿੰਘ (ਨੰਬਰਦਾਰ), ਜਗਦੀਪ ਸਿੰਘ (ਰਾਮਨਗਰ), ਸਰਪੰਚ ਗੁਰਵਿੰਦਰ ਸਿੰਘ, ਹਰਚੰਦ ਸਿੰਘ, ਲੰਬੜਦਾਰ ਗੁਰਦੀਪ ਸਿੰਘ ਪੰਚ ਆਦਿ ਨੇ ਦੱਸਿਆ ਕਿ ਦੋਵਾਂ ਪਿੰਡਾਂ ਦੇ ਉੱਘੇ ਲੋਕਾਂ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਕਿਸੇ ਵੀ ਕੀਮਤ ‘ਤੇ ਪਿੰਡ ਰਾਮਨਗਰ ਅਤੇ ਰਾਮਪੁਰ ਵਿੱਚ ਸਮਾਰਟ ਮੀਟਰ ਨਹੀਂ ਲਗਾਏ ਜਾਣਗੇ।ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਪਾਵਰਕਾਮ ਦੇ ਕਰਮਚਾਰੀ ਸਮਾਰਟ ਮੀਟਰ ਲਗਾਉਣ ਲਈ ਪਿੰਡ ਆਏ ਸਨ, ਪਰ ਪਿੰਡ ਵਾਸੀਆਂ ਨੇ ਸਖ਼ਤ ਵਿਰੋਧ ਕੀਤਾ ਅਤੇ ਮੀਟਰ ਨਹੀਂ ਲਗਾਉਣ ਦਿੱਤੇ। ਪਿੰਡ ਵਾਸੀਆਂ ਨੇ ਦੱਸਿਆ ਕਿ ਦੋਵਾਂ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਸਰਬਸੰਮਤੀ ਨਾਲ ਪਾਸ ਕੀਤੇ ਗਏ ਮਤੇ ਬਨੂੜ ਦੇ ਐਸ.ਡੀ.ਓ. ਨੂੰ ਸੌਂਪ ਦਿੱਤੇ ਗਏ ਹਨ ਤਾਂ ਜੋ ਭਵਿੱਖ ਵਿੱਚ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਅਤੇ ਪਿੰਡਾਂ ਦਾ ਮਾਹੌਲ ਸ਼ਾਂਤ ਰਹੇ।